ਅੰਮ੍ਰਿਤਸਰ: ਮਜੀਠਾ ਰੋਡ 'ਤੇ ਸਥਿਤ ਗ੍ਰੀਨ ਫੀਲਡ ਇਲਾਕੇ 'ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦ ਇੱਕ ਪੀਜੀ 'ਚ ਰਹਿਣ ਵਾਲੀ ਇੱਕ ਕੁੜੀ ਦੇ ਖੁਦ ਨੂੰ ਜ਼ਹਿਰੀਲਾ ਇੰਜੈਕਸ਼ਨ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕੁੜੀ ਦੇ ਪਰਿਵਾਰ ਵੱਲੋਂ ਉਸ ਦੀ ਸਹੇਲੀ 'ਤੇ ਕਤਲ ਦੇ ਦੋਸ਼ ਲਾਏ ਗਏ ਹਨ। ਪੁਲਿਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।
ਮ੍ਰਿਤਕਾ ਦੀ ਪਛਾਣ 18 ਸਾਲਾ ਜੋਤੀ ਵਸਨੀਕ ਖੇਮਕਰਨ ਸਾਹਿਬ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਦੱਸਦੇ ਹੋਏ ਜੋਤੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਨੇ 12ਵੀਂ ਜਮਾਤ ਪਾਸ ਕਰ ਲਈ ਸੀ ਅਤੇ ਉਹ ਅੰਮ੍ਰਿਤਸਰ ਤੋਂ ਐਚਐਨਐਮ ਦਾ ਕੋਰਸ ਕਰ ਰਹੀ ਸੀ। ਜੋਤੀ ਰੱਖੜੀ ਤੋਂ ਪਹਿਲਾਂ ਆਪਣੇ ਘਰ ਖੇਮਕਰਨ ਸਾਹਿਬ ਗਈ ਸੀ ਤੇ ਰੱਖੜੀ ਤੋਂ ਬਾਅਦ ਅੰਮ੍ਰਿਤਸਰ ਦੇ ਗ੍ਰੀਨ ਫੀਲਡ ਸਥਿਤ ਆਪਣੇ ਪੀਜੀ ਵਾਪਸ ਪਰਤੀ ਸੀ। ਮ੍ਰਿਤਕ ਜੋਤੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਉਨ੍ਹਾਂ ਨੂੰ ਬੀਤੀ ਰਾਤ ਫੋਨ 'ਤੇ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ।
ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪਤਾ ਲਗਾ ਕਿ ਜੋਤੀ ਨੇ ਖ਼ੁਦ ਨੂੰ ਕੋਈ ਜ਼ਹਿਰੀਲਾ ਇੰਜੈਕਸ਼ਨ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਜੋਤੀ ਦੀ ਮਾਂ ਨੇ ਉਸ ਦੇ ਨਾਲ ਪੀਜੀ 'ਚ ਰਹਿਣ ਵਾਲੀ ਉਸ ਦੀ ਸਹੇਲੀ 'ਤੇ ਕਤਲ ਦਾ ਸ਼ੱਕ ਪ੍ਰਗਟਾਇਆ ਹੈ। ਪਰਿਵਾਰ ਨੇ ਦੱਸਿਆ ਕਿ ਜਦ ਉਹ ਉੱਥੇ ਪਹੁੰਚੇ ਤਾਂ ਉਸ ਦੇ ਨਾਲ ਰਹਿਣ ਵਾਲੀ ਕੁੜੀ ਉਥੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਨ੍ਹਾਂ ਨੇ ਉਸ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੀਜੀ 'ਚ ਇੱਕ ਕੁੜੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਕੁੜੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਵੱਲੋਂ ਖ਼ੁਦ ਨੂੰ ਕੋਈ ਜ਼ਹਿਰੀਲਾ ਇੰਜੈਕਸ਼ਨ ਲਗਾ ਕੇ ਖ਼ੁਦਕੁਸ਼ੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।