ਅੰਮ੍ਰਿਤਸਰ: ਕਾਂਗਰਸ ਦੇ ਬਾਬਾ ਬੋਹੜ ਮੰਨੇ ਜਾਂਦੇ ਸਾਬਕਾ ਵਿਦੇਸ਼ ਰਾਜ ਮੰਤਰੀ ਰਘੂਨੰਦਨ ਲਾਲ ਭਾਟੀਆ ਦੀ ਕੋਰੋਨਾ ਨਾਲ ਦੇਹਾਂਤ ਹੋ ਗਿਆ। ਰਘੂਨੰਦਨ ਲਾਲ ਭਾਟੀਆ ਨੇ 100 ਸਾਲ ਦੀ ਉਮਰ ’ਚ ਆਖਰੀ ਸਾਹ ਲਏ। ਉਥੇ ਹੀ ਰਘੂਨੰਦਨ ਲਾਲ ਭਾਟੀਆ ਦੇ ਦੇਹਾਂਤ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਨਾਲ ਦੁਖ ਸਾਂਝਾ ਕਰਦੇ ਲਿਖਿਆ ਕਿ ‘ਸਾਬਕਾ ਰਾਜਪਾਲ, ਸੀਨੀਅਰ ਕਾਂਗਰਸੀ ਆਗੂ ਤੇ 6 ਵਾਰ ਦੇ ਸੰਸਦ ਮੈਂਬਰ ਰਘੂਨੰਦਨ ਲਾਲ ਭਾਟੀਆ ਜੀ ਦੇ ਦੇਹਾਂਤ ਹੋਣ ਦਾ ਬਹੁਤ ਦੁਖ ਲੱਗਾ। ਮੈਂ ਇਸ ਦੁਖ ਦੀ ਘੜੀ ਵਿੱਚ ਪੀੜਤ ਪਰਿਵਾਰ ਦੇ ਨਾਲ ਖੜਾ ਹਾਂ, ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।’
ਇਹ ਵੀ ਪੜੋ: ਚੰਡੀਗੜ੍ਹ ’ਚ ਸਿਰਫ 295 ਰੁਪਏ ’ਚ ਮਰੀਜ਼ਾਂ ਦੇ ਘਰ ਪਹੁੰਚੇਗਾ ਆਕਸੀਜਨ ਸਿਲੰਡਰ, ਇੰਝ ਕਰੋ ਅਪਲਾਈ
ਉਥੇ ਹੀ ਕਾਂਗਰਸੀ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਰਘੂਨੰਦਨ ਲਾਲ ਭਾਟੀਆ ਜੀ ਦੇ ਦੇਹਾਂਤ ਬਾਰੇ ਸੁਣ ਬਹੁਤ ਦੁਖ ਹੋਇਆ। ਉਹਨਾਂ ਨੇ ਕਿਹਾ ਕਿ ਉਹ ਸਾਡੇ ਪ੍ਰੇਰਨਾ ਸ੍ਰੋਤ ਸਨ ਜਿਹਨਾਂ ਨੇ ਮਾਰਗ ’ਤੇ ਸਾਨੂੰ ਸਭ ਨੂੰ ਚੱਲਣਾ ਚਾਹੀਦਾ ਹੈ।
ਰਘੂਨੰਦਨ ਲਾਲ ਭਾਟੀਆ ਦੇ ਸਿਆਸੀ ਸਫ਼ਰ ’ਤੇ ਝਾਤ
ਦੱਸ ਦਈਏ ਕਿ ਆਰ.ਐੱਲ. ਭਾਟੀਆ ਨੇ ਸੰਸਦ ’ਚ ਲੰਬੇ ਸਮੇਂ ਗੁਰੂਨਗਰੀ ਅੰਮ੍ਰਿਤਸਰ ਦੀ ਪ੍ਰਤੀਨਿਧਤਾ ਕੀਤੀ। ਆਪਣੇ ਭਰਾ ਦੁਰਗਾਦਾਸ ਭਾਟੀਆ ਦੀ ਮੌਤ ਤੋਂ ਬਾਅਦ 1972 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਉਪ-ਚੋਣ ਲੜੀ ਅਤੇ ਜਿੱਤ ਹਾਸਲ ਕਰਦੇ ਹੋਏ ਆਪਣਾ ਸਿਆਸਤ ਦਾ ਸਫ਼ਰ ਸ਼ੁਰੂ ਕੀਤਾ। 6 ਵਾਰ ਸੰਸਦ ਮੈਂਬਰ ਰਹਿ ਚੁੱਕੇ ਭਾਟੀਆ ਦੀ ਜਿੱਤ ਦਾ ਸਿਲਸਿਲਾ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੀ ਟਿਕਟ 'ਤੇ ਚੋਣ ਲੜ ਕੇ ਤੋੜਿਆ ਸੀ। ਬਤੌਰ MP ਭਾਟੀਆ ਨੇ ਸੰਯੁਕਤ ਰਾਸ਼ਟਰ ਵਿੱਚ ਡੈਲੀਗੇਟ ਵੱਜੋਂ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਮਾਰਚ 1983 ਵਿੱਚ ਦਿੱਲੀ ਵਿੱਚ ਆਯੋਜਿਤ 7ਵੇਂ ਐੱਨਏਐੱਮ ਸੰਮੇਲਨ ਵਿੱਚ ਡੈਲੀਗੇਟ ਦੇ ਤੌਰ 'ਤੇ ਭਾਗ ਲਿਆ।
ਭਾਟੀਆ 1983 ਤੋਂ 1984 ਤਕ ਇੰਡੀਅਨ ਕੌਂਸਲ ਫਾਰ ਕਲਚਰ ਰਲੇਸ਼ਨ ( India Council for Cultural Relations ) ਦੇ ਮੈਂਬਰ ਵੀ ਰਹੇ। ਉਹ 1983 ਤੋਂ 1990 ਤਕ ਇੰਡੀਆ ਬੁਲਗਾਰੀਆ ਫ੍ਰੈਂਡਸ਼ਿਪ ਸੁਸਾਇਟੀ ਦੇ ਚੇਅਰਮੈਨ ਰਹੇ ਅਤੇ ਇੰਡੋ-ਜੀਡੀਆਰ ਫਰੈਂਡਸ਼ਿਪ ਐਸੋਸੀਏਸ਼ਨ 1983 ਤੋਂ 1990 ਤਕ ਉਹ ਸਹਿ-ਚੇਅਰਮੈਨ ਵੀ ਰਹੇ।
ਇਹ ਵੀ ਪੜੋ: ਲੁਧਿਆਣਾ 'ਚ ਸ਼ੁੱਕਰਵਾਰ ਨੂੰ 1,429 ਕੋਰੋਨਾ ਕੇਸਾਂ ਦੀ ਪੁਸ਼ਟੀ, ਸੀਨੀਅਰ ਵਕੀਲ ਸਣੇ 31 ਮੌਤਾਂ
ਭਾਟੀਆ 23 ਜੂਨ 2004 ਤੋਂ 10 ਜੁਲਾਈ 2008 ਤਕ ਕੇਰਲ ਦੇ ਰਾਜਪਾਲ ਅਤੇ 10 ਜੁਲਾਈ 2008 ਤੋਂ 28 ਜੂੁਨ 2009 ਤਕ ਬਿਹਾਰ ਦੇ ਰਾਜਪਾਲ ਰਹੇ ਹਨ। ਇਸ ਤੋਂ ਇਲਾਵਾ ਭਾਟੀਆ ਪੀਵੀ ਨਰਸਿਮ੍ਹਾ ਦੀ ਸਰਕਾਰ ਵਿੱਚ 1992 ਵਿੱਚ ਵਿਦੇਸ਼ ਰਾਜ ਮੰਤਰੀ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਤੌਰ ’ਤੇ ਉਨ੍ਹਾਂ ਨੇ 1982 ਤੋਂ 1984 ਤਕ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਅਤੇ 1991 ਵਿੱਚ ਕਾਂਗਰਸ ਕਮੇਟੀ ਦੇ ਮੁੱਖ ਸਕੱਤਰ ਚੁਣੇ ਗਏ। ਉਨ੍ਹਾਂ ਨੂੰ ਹਮੇਸ਼ਾ ਸਾਫ਼ ਸੁਥਰੀ ਰਾਜਨੀਤੀ ਦੀ ਉਦਾਹਰਣ ਵਜੋਂ ਯਾਦ ਕੀਤਾ ਜਾਂਦਾ ਰਹੇਗਾ।