ਅੰਮ੍ਰਿਤਸਰ: ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਮੰਡ ਨੇ ਕਿਹਾ ਕਿ ਬੜੀਆਂ ਕੁਰਬਾਨੀਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ। ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ ਨਾਲ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਮੋਢਿਆਂ 'ਤੇ ਪਈ।
ਉਨ੍ਹਾਂ ਕਿਹਾ ਕਿ 267 ਸਰੂਪਾਂ ਦੇ ਚੋਰੀ ਹੋਣ ਦੀ ਗੱਲ ਬਹੁਤ ਮੰਦਭਾਗੀ ਹੈ, ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ, ਇਹ ਬਰਦਾਸ਼ਤ ਤੋਂ ਬਾਹਰ ਹੈ। ਮੰਡ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤ ਦੀ ਸੰਤੁਸ਼ਟੀ ਕਰਵਾਵੇ ਅਤੇ ਦੱਸੇ ਕਿ ਗੁੰਮ ਹੋਏ ਸਰੂਪ ਕਿੱਥੇ ਹਨ? ਕਿਹੜੇ ਹਾਲਤ ਵਿੱਚ ਹਨ? ਜੇ ਸਰੂਪ ਸੱਚ ਵਿੱਚ ਚੋਰੀ ਹੋ ਗਏ ਹਨ ਤਾਂ ਇਹ ਸਮਝਿਆ ਜਾਵੇ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਸ਼ਰਮਨਾਕ ਗੱਲ ਕੋਈ ਹੋਰ ਨਹੀਂ ਹੋ ਸਕਦੀ। ਸਿੱਖ ਕੌਮ ਪਹਿਲਾਂ ਹੀ ਬਹੁਤ ਪਾਸਿਆਂ ਤੋਂ ਘਿਰੇ ਹੋਏ ਹਨ, ਘੱਟ ਗਿਣਤੀ ਸਮਝ ਕੇ ਸਿੱਖ ਕੌਮ ਉੱਪਰ ਹਮਲੇ ਹੋ ਰਹੇ ਹਨ। ਇਹ ਸਾਰੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਜਨਰਲ ਇਜਲਾਸ ਬੁਲਾ ਕੇ ਸਾਰੇ ਮੈਂਬਰਾਂ ਨਾਲ ਗੱਲ ਕਰੇ ਤੇ ਮੀਟਿੰਗ ਕਰਕੇ ਸਿੱਖ ਪੰਥ ਨੂੰ ਸਵਾਲਾਂ ਦੇ ਜਵਾਬ ਦੇਵੇ ਤਾਂ ਜੋ ਸਿੱਖ ਪੰਥ ਦੀ ਤਸੱਲੀ ਹੋ ਸਕੇ। ਧਿਆਨ ਸਿੰਘ ਮੰਡ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਕੋਈ ਜਵਾਬ ਨਹੀਂ ਦੇਵੇਗੀ ਤੇ ਜੇ ਕੌਮ ਦੀ ਕੋਈ ਸੰਤੁਸ਼ਟੀ ਨਹੀਂ ਹੋਈ ਤਾਂ ਫਿਰ ਪੰਥ ਆਪਣੀ ਜਿੰਮੇਵਾਰੀ ਖ਼ੁਦ ਨਿਭਾਵੇਗਾ।