ਅੰਮ੍ਰਿਤਸਰ: ਸਾਕਾ ਨੀਲਾ ਤਾਰਾ (Operation Blue Star) ਦੀ ਅੱਜ 38ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਦਿੱਤਾ।
ਸਿੱਖ ਕੌਮ ਦੇ ਨਾਮ ਸੰਦੇਸ਼: ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਹੀਦਾਂ ਨੂੰ ਯਾਦ ਕਰਦਿਆ ਸਿੱਖ ਕੌਮ ਦੇ ਨਾਮ ਸੰਦੇਸ਼ ਦਿੱਤਾ। ਜਥੇਦਾਰ ਨੇ ਕਿਹਾ ਕਿ ਅਸੀਂ ਸ਼ਹੀਦਾਂ ਨੂੰ ਯਾਦ ਕਰਨ ਵਾਲੇ ਇਕੱਠੇ ਹੋਏ ਹਾਂ। ਉਹਨਾਂ ਨੇ ਕਿਹਾ ਕਿ ਜਿਸ ਵਕਤ ਭਾਰਤ 1947 ਵਿੱਚ ਆਜ਼ਾਦ ਹੋਇਆ ਤਾਂ ਉਸੇ ਵਕਤ ਸਿੱਖਾਂ ਨੂੰ ਨੱਪਣ ਲਈ ਪਾਲਿਸੀ ਤਿਆਰ ਹੋ ਗਈ ਸੀ ਜੋ ਕਿ ਉਸ ਸਮੇਂ ਜਵਾਹਰ ਲਾਲ ਨਹਿਰੂ ਨੇ ਤਿਆਰ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਦੀਆਂ ਹਕੂਮਤਾਂ ਦੀ ਚਾਲ ਸੀ ਕਿ ਸਿੱਖਾਂ ਨੂੰ ਹਰ ਪੱਖੋਂ ਕਮਜ਼ੋਰ ਕਰਨਾ ਹੈ। ਜਥੇਦਾਰ ਨੇ ਕਿਹਾ ਕਿ 47 ਦਾ ਸਿੱਟਾ 84 ਚ ਨਿਕਲਿਆ ਜਦੋਂ ਸਿੱਖਾਂ ਦੇ ਗੁਰੂ ਘਰਾਂ ਤੇ ਹਮਲਾ ਕੀਤਾ ਗਿਆ। ਜਥੇਦਾਰ ਨੇ ਕਿਹਾ ਕਿ ਅਸੀਂ ਦਰਹਾਉਦੇ ਹਾਂ ਕਿ ਰਾਜ ਕਰੇਗਾ ਖਾਲਸਾ, ਜਿਸ ਤੋਂ ਸਪੱਸ਼ਟ ਹੈ ਕਿ ਖਾਲਸਾ ਦਾ ਰਾਜ ਹੋਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਰਾਜ ਲੈਣਾ ਹੈ ਤਾਂ ਸਾਨੂੰ ਖਾਲਸਾ ਬਣਨਾ ਪਵੇਗਾ। ਉਹਨਾਂ ਨੇ ਕਿਹਾ ਕਿ ਸਾਡੇ ਅੱਗੇ ਬਹੁਤ ਚੁਣੌਤੀਆਂ ਹਨ ਜੋ ਸਾਨੂੰ ਕਮਜ਼ੋਰ ਕਰ ਰਹੀਆਂ ਹਨ ਜਿਹਨਾਂ ਨਾਲ ਸਾਨੂੰ ਲੜਨਾ ਪਵੇਗਾ।
ਅਸੀਂ ਸਿੱਖ ਨੌਜਵਾਨਾਂ ਨੂੰ ਹਥਿਆਰਾਂ ਦੀ ਦੇਵਾਂਗੇ ਟਰੇਨਿੰਗ: ਜਥੇਦਾਰ ਨੇ ਕਿਹਾ ਕਿ ਸ਼ੇਰ ਕਦੇ ਵੀ ਨਿਰੱਥੇ ਤੇ ਬੇਕਸੂਰ ਲੋਕਾਂ ਤੇ ਹਮਲਾ ਨਹੀਂ ਕਰਦਾ ਹੈ। ਉਹਨਾਂ ਨੇ ਕਿਹਾ ਕਿ ਹੋਰ ਧਰਮਾਂ ਦੇ ਲੋਕ ਲੁਕ ਛਿਪਕੇ ਆਪਣੇ ਨੌਜਵਾਨਾਂ ਨੂੰ ਹਥਿਆਰਾਂ ਦੀ ਟਰੇਨਿੰਗ ਦੇ ਰਹੇ ਹਨ, ਪਰ ਅਸੀਂ ਸਿੱਖਾਂ ਨੂੰ ਸ਼ਰ੍ਹੇਆਮ ਹਥਿਆਰਾਂ ਦੀ ਸਿੱਖਿਆ ਦੇਵਾਂਗੇ। ਉਹਨਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਜਿਸ ਪਾਰਟੀ ਨੇ ਹਮਲਾ ਕੀਤਾ ਅੱਜ ਉਹ ਬਰਬਾਦ ਹੋ ਰਹੀ ਹੈ ਜਿਸ ਨੂੰ ਕੋਈ ਵੀ ਬਚਾ ਨਹੀਂ ਸਕਦਾ।
ਇਹ ਵੀ ਪੜੋ: Operation Blue Star: ਜਾਣੋ ਉਸ ਕਾਲੇ ਦਿਨ ਨਾਲ ਜੁੜੇ ਖਾਸ ਤੱਥਾਂ ਬਾਰੇ...
ਇਸਾਈ ਧਰਮ ਦਾ ਹੋ ਰਿਹਾ ਪ੍ਰਚਾਰ: ਜਥੇਦਾਰ ਨੇ ਕਿਹਾ ਕਿ ਅੱਜ ਹਰ ਪਿੰਡ ਹਰ ਸ਼ਹਿਰ ਵਿੱਚ ਇਸਾਈ ਧਰਮ ਦਾ ਪ੍ਰਚਾਰ ਹੋ ਰਿਹਾ ਹੈ, ਜੋ ਕਿ ਇੱਕ ਬਹੁਤ ਵੱਡੀ ਚੁਣੌਤੀ ਹੈ। ਉਹਨਾਂ ਨੇ ਕਿਹਾ ਕਿ ਮੈਂ ਅੱਜ ਸਿੱਖ ਪ੍ਰਚਾਰਕਾਂ ਨੂੰ ਬੇਨਤੀ ਕਰਾਂਗਾ ਕਿ ਉਹ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨ ਤਾਂ ਜੋ ਸਿੱਖੀ ਨੂੰ ਮਜ਼ਬੂਤ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਮਜ਼ਬੂਤ ਨਹੀਂ ਹੋਵੇਗਾ ਤਾਂ ਸਾਨੂੰ ਦੱਬ ਲਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸਾਡਾ ਨੌਜਵਾਨ ਨਸ਼ਿਆ ਵਿੱਚ ਗਰਸ ਹੋ ਰਿਹਾ ਹੈ, ਪੜਾਈ ਤੋਂ ਦੂਰ ਹੋ ਰਿਹਾ ਹੈ ਜਿਹਨਾਂ ਵਿੱਚ ਜ਼ਜ਼ਬਾ ਲਿਆਉਣ ਦੀ ਲੋੜ ਹੈ। ਜਥੇਦਾਰ ਨੇ ਕਿਹਾ ਕਿ ਇਸ ਵਾਰ ਸ੍ਰੀ ਦਰਬਾਰ ਸਾਹਿਬ ਸਾਹਮਣੇ ਬਹੁਤ ਪੁਲਿਸ ਤੈਨਾਤ ਕੀਤੀ ਗਈ, ਤਾਂ ਜੋ ਸ਼ੇਰਾਂ ਦੀ ਕੌਮ ਨੂੰ ਰੋਕਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਜਦੋਂ ਇਸ ਸਬੰਧੀ ਸਰਕਾਰ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਿੱਖਾਂ ਦੀ ਸੁਰੱਖਿਆ ਲਈ ਇਹ ਪ੍ਰਬੰਧ ਕੀਤੇ ਗਏ ਹਨ। ਜਥੇਦਾਰ ਨੇ ਕਿਹਾ ਕਿ ਸਿੱਖਾਂ ਦੀ ਸੁਰੱਖਿਆ ਲਈ ਨਹੀਂ ਸਗੋਂ ਸ਼ੇਰਾਂ ਨੂੰ ਰੋਕਣ ਲਈ ਇਹ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜੋ: Operation Blue Star: ਸਾਕਾ ਨੀਲਾ ਤਾਰਾ ਦੀ ਬਰਸੀ, ਕਈ ਜ਼ਿਲ੍ਹਿਆ ’ਚ ਧਾਰਾ 144 ਲਾਗੂ