ਅੰਮ੍ਰਿਤਸਰ: ਕੋਰੋਨਾ ਮਰੀਜ਼ਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਲਾਸ਼ਾਂ ਦੀ ਅਦਲਾ ਬਦਲੀ ਦਾ ਮਾਮਲਾ ਭੱਖਦਾ ਹੀ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੀ ਜਿਹੜੀ ਮਹਿਲਾ ਦੀ ਦੇਹ ਗਲਤੀ ਨਾਲ ਹੁਸ਼ਿਆਰਪੁਰ ਭੇਜ ਦਿੱਤੀ ਗਈ ਸੀ ਉਸ ਨੂੰ ਹੁਣ ਵਾਪਿਸ ਅੰਮ੍ਰਿਤਸਰ ਲਿਆਂਦਾ ਗਿਆ ਹੈ।
ਹਸਪਤਾਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ
ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਇਸ ਕਾਲ 'ਚ ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ (ਜੀਐਨਡੀਐਚ) ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਹਸਪਤਾਲ ਵਿੱਚ ਬੀਤੇ ਦਿਨੀਂ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਸੀ। ਮ੍ਰਿਤਰ ਮਰੀਜ਼ ਅੰਮ੍ਰਿਤਸਰ ਤੋਂ 38 ਸਾਲਾ ਮਹਿਲਾ ਤੇ ਹੁਸ਼ਿਆਰਪੁਰ ਤੋਂ ਪ੍ਰੀਤਮ ਸਿੰਘ ਸਨ। ਡਾਕਟਰਾਂ ਦੇ ਆਦੇਸ਼ਾਂ 'ਤੇ ਪੈਰਾ ਮੈਡੀਕਲ ਡਾਕਟਰਾਂ ਨੇ ਲਾਸ਼ਾਂ ਪੈਕ ਕੀਤੀਆਂ ਪਰ ਇਸ ਦੌਰਾਨ ਨਾਂਅ ਦੇ ਟੈਗਾਂ ਦੀ ਅਦਲਾ ਬਦਲੀ ਹੋ ਗਈ।
ਇਸ ਅਦਲਾ ਬਦਲੀ 'ਚ ਹੁਸ਼ਿਆਰਪੁਰ ਦੇ ਮ੍ਰਿਤਕ ਪ੍ਰੀਤਮ ਸਿੰਘ ਦੀ ਦੇਹ ਅੰਮ੍ਰਿਤਸਰ 'ਚ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਜਦੋਂ ਕਿ ਮ੍ਰਿਤਕ ਮਹਿਲਾ ਦੀ ਲਾਸ਼ ਗਲਤੀ ਨਾਲ ਹੁਸ਼ਿਆਰਪੁਰ 'ਚ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤੀ ਗਈ।
ਲਾਸ਼ਾਂ ਦੀ ਅਦਲਾ ਬਦਲੀ ਦਾ ਕਦੋਂ ਹੋਇਆ ਖੁਲਾਸਾ
ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਉਸ ਵੇਲੇ ਸਾਹਮਣੇ ਆਈ ਜਦੋਂ ਮ੍ਰਿਤਕ ਪ੍ਰੀਤਮ ਸਿੰਘ ਦੇ ਪਰਿਵਾਰ ਵਾਲੇ ਉਸ ਦਾ ਅੰਤਮ ਸਸਕਾਰ ਕਰਨ ਲਈ ਦੇਹ ਨੂੰ ਸ਼ਮਸ਼ਾਨ ਘਾਟ ਲੈ ਕੇ ਗਏ। ਸ਼ਮਸ਼ਾਨ ਘਾਟ 'ਚ ਮ੍ਰਿਤਕ ਦੇ ਪੁੱਤਰ ਨੇ ਪੀਪੀ ਕਿੱਟ ਪਾ ਕੇ ਆਪਣੇ ਪਿਤਾ ਦਾ ਚਿਹਰਾ ਵੇਖਣਾ ਚਾਹਿਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਜਿਸ ਦਾ ਉਹ ਸਸਕਾਰ ਕਰਨ ਲੱਗੇ ਸਨ ਉਹ ਦੇਹ ਉਸ ਦੇ ਪਿਤਾ ਨਹੀਂ, ਸਗੋਂ ਇੱਕ ਮਹਿਲਾ ਦੀ ਸੀ।
ਪਰਿਵਾਰ ਵਾਲਿਆਂ ਨੇ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰ ਆਪਣਾ ਰੋਸ ਜ਼ਾਹਿਰ ਕੀਤਾ। ਇਸ ਤੋਂ ਬਾਅਦ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਮਹਿਲਾ ਦੀ ਦੇਹ ਨੂੰ ਅੰਮ੍ਰਿਤਸਰ ਪਹੁੰਚਾਇਆ।
ਹਸਪਤਾਲ ਪ੍ਰਸ਼ਾਸਨ ਵਿਰੁੱਧ ਦਿੱਤੇ ਜਾਂਚ ਦੇ ਆਦੇਸ਼
ਪਰਿਵਾਰ ਵਾਲਿਆਂ ਦੇ ਰੋਸ ਤੇ ਲਾਸ਼ਾਂ ਦੀ ਅਦਲਾ-ਬਦਲੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਾ. ਰਮਨ ਸ਼ਰਮਾ ਮੈਡੀਕਲ ਸੁਪਰਡੈਂਟ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ ਇਸ ਦੌਰਾਨ ਮਾਮਲੇ 'ਤੇ ਸਫ਼ਾਈ ਦਿੰਦੇ ਹੋਏ ਡਾ. ਰਮਨ ਸ਼ਰਮਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਏਮਜ਼ ਵਿੱਚ ਇਸ ਤਰ੍ਹਾਂ ਦੀ ਗਲ਼ਤੀ ਹੋ ਚੁੱਕੀ ਹੈ।
ਟੈਗਿੰਗ ਸਟਾਫ ਨੂੰ ਕੀਤਾ ਗਿਆ ਮੁਅੱਤਲ
ਜਦੋਂ ਇਹ ਪੂਰੀ ਘਟਨਾ ਜੀਐਨਡੀਐਚ ਪ੍ਰਸ਼ਾਸਨ ਕੋਲ ਪਹੁੰਚੀ ਤਾਂ ਅਧਿਕਾਰੀ ਅਤੇ ਡਾਕਟਰ ਹੈਰਾਨ ਰਹਿ ਗਏ। ਇਸ ਮਾਮਲੇ 'ਚ ਟੈਗਿੰਗ ਸਟਾਫ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦੋਂ ਕਿ ਇਸ ਦੀ ਜਾਂਚ ਲਈ 2 ਕਮੇਟੀ ਮੈਂਬਰਾਂ ਦਾ ਗਠਨ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਦੋਂ ਮੈਡੀਕਲ ਹਸਪਤਾਲ ਦੇ ਸੀਨੀਅਰ ਡਾਕਟਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਟਾਫ਼ ਕੋਲੋਂ ਇਹ ਗਲਤੀ ਹੋਈ ਹੈ। ਫਿਲਹਾਲ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ?
ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਹਿਲਾ ਦਾ ਨਾਂਅ ਪਦਮਾ ਹੈ। ਹਸਪਤਾਲ ਪ੍ਰਸ਼ਾਸਨ ਦੀ ਗਲਤੀ ਦੇ ਚਲਦੇ ਉਨ੍ਹਾਂ ਕੋਲ ਹੁਸ਼ਿਆਰਪੁਰ ਦੇ ਵਸਨੀਕ ਮ੍ਰਿਤਕ ਪ੍ਰੀਤਮ ਸਿੰਘ ਦੀ ਲਾਸ਼ ਆ ਗਈ, ਜਿਸ ਦਾ ਉਨ੍ਹਾਂ ਆਪਣੀ ਭੈਣ ਸਮਝ ਕੇ ਅੰਤਮ ਸਸਕਾਰ ਕਰ ਦਿੱਤਾ ਹੈ। ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਅਖਬਾਰ ਪੜ੍ਹ ਕੇ ਪਤਾ ਚਲਿਆ ਕਿ ਜਿਸ ਦਾ ਉਨ੍ਹਾਂ ਸਸਕਾਰ ਕੀਤਾ ਉਹ ਪਦਮਾ ਨਹੀਂ ਪ੍ਰੀਤਮ ਸਿੰਘ ਸਨ।
ਮ੍ਰਿਤਕ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਤੁਰੰਤ ਕੈਬਿਨੇਟ ਮੰਤਰੀ ਓਪੀ ਸੋਨੀ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਮਹਿਲਾ ਦੀ ਲਾਸ਼ ਨੂੰ ਵਾਪਿਸ ਅੰਮ੍ਰਿਤਸਰ ਲਿਆਂਦਾ। ਮ੍ਰਿਤਕ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਪ੍ਰੀਤਮ ਸਿੰਘ ਦੇ ਪਰਿਵਾਰ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਪਦਮਾ ਦਾ ਅੰਤਮ ਸਸਕਾਰ ਨਹੀਂ ਕੀਤਾ ਤੇ ਇਸ ਸਾਰੇ ਮਾਮਲੇ ਨੂੰ ਸਾਹਮਣੇ ਲੈ ਕੇ ਆਏ।