ਨਵੀਂ ਦਿੱਲੀ: ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦਾ ਐਲਾਨ ਪੂਰਾ ਹੋਣ ਤੋਂ ਬਾਅਦ ਘਰੇਲੂ ਅਤੇ ਸੇਅਰ ਬਾਜ਼ਾਰ ਦਾ ਰੁਖ਼ ਇਸ ਹਫ਼ਤੇ ਕਾਫੀ ਹੱਦ ਤੱਕ ਗਲੋਬਲ ਰੁਝਾਨਾਂ ਅਤੇ ਨਿਵੇਸ਼ਕਾਂ ਦੀ ਗਤੀ ਤੈਅ ਕਰੇਗੀ। ਮਾਹਿਰਾਂ ਮੁਤਾਬਕ, ਗਲੋਬਲ ਤੇਲ ਮਾਨਕ ਬ੍ਰੈਂਟ ਕਰੂਡ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵੀ ਬਜ਼ਾਰ ਵਿੱਚ ਰੁਝਾਨਾਂ ਨੂੰ ਪ੍ਰਭਾਵਿਤ ਕਰੇਗੀ। ਸਵਾਸਤਿਕਾ ਇਨਵੇਸਟਮਾਰਟ ਲਿਮੀਟੇਡ ਦੇ ਸੀਨੀਅਰ ਤਕਨੀਕੀ ਮਾਹਿਰ ਪ੍ਰਵੇਸ਼ ਗੌੜ ਨੇ ਕਿਹਾ, "ਆਉਣ ਦਿਨਾਂ ਵਿੱਚ ਵਿਆਪਕ ਆਰਥਿਕ ਸੰਕੇਤਕ, ਗਲੋਬਲ ਸ਼ੇਅਰ ਬਜ਼ਾਰਾਂ ਦੇ ਰੁਝਾਨ ਅਤੇ ਐਫਆਈਆਈ ਦੀ ਚਾਲ ਬਜ਼ਾਰ ਨੂੰ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।"
ਮਾਸਟਰ ਕੈਪੀਟਲ ਸਰਵੀਸੇਜ਼ ਲਿਮੀਟੇਡ ਦੇ ਸੀਨੀਅਰ ਉਪ ਪ੍ਰਧਾਨ ਅਰਵਿੰਦਰ ਸਿੰਘ ਨੰਦਾ ਨੇ ਕਿਹਾ ਕਿ ਬਾਜ਼ਾਰ ਕੁਝ ਮੁੱਖ ਵਿਸ਼ਵ ਘਟਨਾਵਾਂ ਵਰਗੇ ਅਮਰੀਕਾ ਵਿੱਚ ਮੌਜੂਦਾ ਘਰੇਲੂ ਵਿਕਰੀ, ਬੇਰੁਜ਼ਗਾਰ ਦੇ ਅੰਕੜੇ ਅਤੇ ਯੁਰੋਜ਼ੋਨ ਐਸਐਂਡਪੀ ਗਲੋਬਲ ਸਮਗਰ ਪੀਐਮਆਈ ਤੋਂ ਪ੍ਰਭਾਵਿਤ ਹੋਵੇਗਾ।
ਮੋਤੀਲਾਲ ਫਾਈਨੇਂਸ਼ੀਅਲ ਸਰਵੀਸੇਜ਼ ਦੇ ਪ੍ਰਚੂਨ ਖੋਜ ਦੇ ਮੁਖੀ ਸਿਧਾਰਥ ਖੇਮਕਾ ਨੇ ਕਿਹਾ ਕਿ, "ਸੂਚਕਾਂਕ ਵਿੱਚ ਪ੍ਰਮੁੱਖ ਹਿੱਸੇਦਾਰੀ ਰੱਖਣ ਵਾਲੇ ਰਿਲਾਇੰਸ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਕਿਉਂਕਿ ਜੀਓ ਫਾਈਨੇਂਸ਼ੀਅਲ ਸਰਵੀਸੇਜ਼ ਲਿਮੀਟੇਡ ਸੋਮਵਾਰ ਨੂੰ ਸੂਚੀਬੱਧ ਹੋਣ ਵਾਲੀ ਹੈ।"
ਸ਼ੇਅਰ ਬਜ਼ਾਰ ਤੋਂ ਮਿਲੀ ਜਾਣਕਾਰੀ ਮੁਤਾਬਕ, ਰਿਲਾਇੰਸ ਇੰਡਸਟਰੀਜ਼ ਦੀ ਵੱਖ ਵਿੱਤੀ ਸੇਵਾ ਇਕਾਈ ਜੀਓ ਫਾਈਨੇਂਸ਼ੀਅਲ ਸਰਵੀਸੇਜ਼ ਲਿਮੀਟੇਡ 21 ਅਗਸਤ ਨੂੰ ਸ਼ੇਅਰ ਬਜ਼ਾਰ ਵਿੱਚ ਸੂਚੀਬੱਧ ਹੋਵੇਗੀ। ਪਿਛਲੇ ਹਫ਼ਤੇ, ਬੀਐਸਈ ਸੈਂਸੈਕਸ 373.99 ਅੰਕ ਜਾਂ 0.57 ਫੀਸਦੀ ਡਿੱਗ ਕੇ ਬੰਦ ਹੋਇਆ, ਜਦਕਿ ਨਿਫਟੀ 118.15 ਅੰਕ ਜਾਂ 0.60 ਫੀਸਦੀ ਟੁੱਟ ਕੇ ਬੰਦ ਹੋਇਆ। (ਭਾਸ਼ਾ)