ਨਵੀਂ ਦਿੱਲੀ/ ਲੁਧਿਆਣਾ : ਦੇਸ਼ 'ਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ, ਪਰ ਕੱਪੜਿਆਂ ਦੀਆਂ ਦੁਕਾਨਾਂ ਉੱਤੇ ਤਿਉਹਾਰਾਂ ਦਾ ਸੀਜ਼ਨ ਇੰਨਾ ਦਿਲਚਸਪ ਨਹੀਂ ਹੈ। ਕਪੜਿਆਂ ਦੀ ਘੱਟ ਮੰਗ, ਮਜ਼ਦੂਰਾਂ ਅਤੇ ਕਾਰੀਗਰਾਂ ਦੀ ਘਾਟ ਕਾਰਨ ਗਰਮੈਂਟਸ ਦਾ ਕਾਰੋਬਾਰ ਅਜੇ ਵੀ ਮੁੜ ਪੱਟਰੀ 'ਤੇ ਨਹੀਂ ਆਇਆ। ਵਪਾਰੀਆਂ ਦੇ ਮੁਤਾਬਕ, ਕੋਰੋਨਾ ਮਹਾਂਮਾਰੀ ਦੇ ਦੌਰਾਨ ਘਰ ਜਾਣ ਵਾਲੇ 50 ਫੀਸਦੀ ਕਾਮੇ ਅਤੇ ਕਾਰੀਗਰਾਂ ਵਾਪਸ ਨਹੀਂ ਮੁੜੇ ਹਨ।
ਦੇਸ਼ ਦੀ ਰਾਜਧਾਨੀ ਦਿੱਲੀ 'ਚ ਸਥਿਤ ਗਾਂਧੀਨਗਰ ਏਸ਼ੀਆ ਦਾ ਸਭ ਤੋਂ ਵੱਡਾ ਰੈਡੀਮੇਟ ਗਾਰਮੈਂਟ ਦਾ ਹੋਲਸੇਲ ਬਾਜ਼ਾਰ ਹੈ। ਇਥੇ ਕੋਰੋਨਾ ਕਾਲ 'ਚ ਚਹਿਲ-ਪਹਿਲ ਪੂਰੀ ਤਰ੍ਹਾਂ ਗਾਇਬ ਹੋ ਚੁੱਕੀ ਹੈ।ਵਪਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਦੇਸ਼ ਭਰ ਤੋਂ ਆਰਡਰ ਮਿਲਦੇ ਸਨ ਪਰ ਇਸ ਵਾਰ ਅਜਿਹਾ ਨਹੀਂ ਹੋ ਰਿਹਾ ਹੈ।
ਕੋੋਰੋਨਾ ਕਾਰਨ ਘੱਟੇ ਆਰਡਰ
ਉਥੇ ਹੀ ਮਜਦੂਰਾਂ ਤੇ ਕਾਰੀਗਰਾਂ ਦੀ ਕਮੀ ਦੇ ਚਲਦੇ ਗਾਂਧੀਨਗਰ ਦੀ ਰੇਡੀਮੇਟ ਗਾਰਮੈਂਟ ਫੈਕਟਰੀਆਂ ਵਿੱਚ ਵੀ ਕਪੜੇ ਘੱਟ ਬਣ ਰਹੇ ਹਨ। ਕਾਰੋਬਾਰੀਆਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਪਿੰਡਾਂ ਨੂੰ ਗਏ ਕਾਮੇ ਅਤੇ ਮਜਦੂਰ ਆਵਾਜਾਈ ਦੀਆਂ ਸਹੂਲਤਾਂ ਦੀ ਘਾਟ ਕਾਰਨ ਵਾਪਸ ਨਹੀਂ ਆ ਸਕੇ।
ਗਾਂਧੀਨਗਰ 'ਚ ਰਾਮਨਗਰ ਰੈਡੀਮੇਡ ਗੈਰੇਟ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਐਸ. ਗੋਇਲ ਨੇ ਕਿਹਾ, ”ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਬਿਹਾਰ, ਪੱਛਮੀ ਬੰਗਾਲ ਅਤੇ ਉੜੀਸਾ ਤੋਂ ਰੈਡੀਮੇਡ ਗਾਰਮੇਟ ਆਰਡਰ ਬੁੱਕ ਕੀਤੇ ਜਾਂਦੇ ਸਨ, ਪਰ ਇਸ ਵਾਰ ਕਿਤੇ ਵੀ ਤਿਉਹਾਰ ਦੇ ਸਮੇਂ ਆਰਡਰ ਨਹੀਂ ਮਿਲ ਰਹੇ। ਸਥਾਨਕ ਬਾਜ਼ਾਰ ਤੋਂ ਜੋ ਆਰਡਰ ਹਨ, ਸਿਰਫ ਉਨ੍ਹਾਂ ਉਪਰ ਹੀ ਕੰਮ ਜਾਰੀ ਹੈ। ”
ਗੋਇਲ ਨੇ ਦੱਸਿਆ, "ਕਾਰੀਗਰ ਪਿੰਡਾਂ ਤੋਂ ਵਾਪਸ ਆਉਣਾ ਚਾਹੁੰਦੇ ਹਨ ਅਤੇ ਉਹ ਆਉਣ ਲਈ ਪੈਸੇ ਮੰਗਦੇ ਹਨ, ਪਰ ਰੇਲ ਸਹੂਲਤਾਂ ਦੀ ਘਾਟ ਕਾਰਨ ਉਹ ਵਾਪਸ ਨਹੀਂ ਆ ਸਕੇ। ਉਨ੍ਹਾਂ ਨੇ ਖ਼ੁਦ ਕਾਰੀਗਰਾਂ ਨੂੰ ਘਰ ਤੋਂ ਵਾਪਸ ਲਿਆਉਣ ਲਈ ਪੈਸੇ ਭੇਜੇ ਹਨ, ਪਰ ਫਿਰ ਵੀ ਆਵਾਜਾਈ ਦੀ ਸਹੂਲਤ ਨਾ ਹੋਣ ਦੇ ਚਲਦੇ ਉਹ ਨਹੀਂ ਆ ਪਾ ਰਹੇ।"
ਪੰਜਾਬ ਦੇ ਕੱਪੜਾ ਉਦਯੋਗ 'ਚ ਆਈ ਕਮੀ
ਅਜਿਹਾ ਹੀ ਹਾਲ ਪੰਜਾਬ ਦੇ ਲੁਧਿਆਣਾ 'ਚ ਕੱਪੜੇ ਉਦਯੋਗ ਦਾ ਹੈ। ਉੱਤਰ ਭਾਰਤ ਵਿੱਚ, ਵੱਡੇ ਉਦਯੋਗਿਕ ਸ਼ਹਿਰ ਗਰਮੈਂਟ ਅਤੇ ਹੌਜ਼ਰੀ ਦੀ ਨਗਰੀ ਮੰਨੇ ਜਾਣ ਵਾਲੇ ਲੁਧਿਆਣਾ 'ਚ ਟੈਕਸਟਾਈਲ ਵਪਾਰੀ ਮਜ਼ਦੂਰਾਂ ਅਤੇ ਕਾਰੀਗਰਾਂ ਦੀ ਘਾਟ ਕਾਰਨ ਸਰਦੀਆਂ ਦੇ ਮੌਸਮ ਦੀ ਤਿਆਰੀ ਕਰਨ 'ਚ ਅਸਮਰਥ ਹਨ।
ਨਿਟਵੇਅਰ ਐਂਡ ਅਪੇਰਲ ਮੈਨਯੂਫੈਕਚਰਸ ਐਸੋਸੀਏਸ਼ਨ ਆਫ ਲੁਧਿਆਣਾ ਦੇ ਪ੍ਰਧਾਨ ਸੁਦਰਸ਼ਨ ਜੈਨ ਨੇ ਦੱਸਿਆ, " ਗਾਰਮੈਂਟ ਸੈਕਟਰ ਦੇ ਕਰੀਬ 50 ਫੀਸਦੀ ਮਜ਼ਦੂਰ ਅਤੇ ਕਾਰੀਗਰ ਅਜੇ ਵੀ ਆਪਣੇ ਸੂਬਿਆਂ ਤੇ ਪਿੰਡਾਂ ਤੋਂ ਵਾਪਸ ਨਹੀਂ ਪਰਤੇ ਹਨ। " ਗਰਮੀ ਸੀਜ਼ਨ ਦੇ ਕਪੜੀਆਂ ਦੀ ਮੰਗ ਤਾਂ ਕੋਰੋਨਾ ਦੀ ਭੇਂਟ ਚੜ੍ਹ ਗਈ ਹੈ, ਹੁਣ ਬਾਜ਼ਾਰ ਖੁਲ੍ਹ ਗਏ ਹਨ ਅਤੇ ਅੱਗੇ ਠੰਡ ਦੇ ਸੀਜ਼ਨ ਲਈ ਮੰਗ ਨੂੰ ਵੇਖਦਿਆਂ ਹੋਏ ਉਸ ਦੀ ਤਿਆਰੀ ਸ਼ੁਰੂ ਕਰਨੀ ਹੈ। ਮਜ਼ਦੂਰਾਂ ਤੇ ਕਾਰੀਗਰਾਂ ਦੀ ਘਾਟ ਦੇ ਚਲਦੇ ਕੰਮ ਵਿੱਚ ਤੇਜ਼ੀ ਨਹੀਂ ਆ ਰਹੀ ਹੈ। "
ਜੈਨ ਨੇ ਦੱਸਿਆ ਕਿ ਇੱਥੇ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਕੁੱਝ ਪਾਬੰਦੀਆਂ ਲਾਈਆਂ ਗਈਆਂ ਹਨ। ਜਿਸ ਨਾਲ ਵਿਕ੍ਰੀ 'ਤੇ ਅਸਰ ਪਿਆ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀਆਂ 'ਚ ਪੂਰੇ ਹਫ਼ਤੇ ਕੰਮ ਚਲ ਰਿਹਾ ਹੈ, ਪਰ ਦੁਕਾਨਾਂ ਹਫ਼ਤੇ ਦੇ ਸਿਰਫ ਪੰਜ ਦਿਨ ਖੋਲਣ ਦੀ ਇਜਾਜ਼ਤ ਹੈ।
ਰੈਡੀਮੇਟ ਗਾਰਮੈਂਟ ਕਾਰੋਬਾਰੀ ਦੱਸਦੇ ਹਨ ਕਿ ਇਸ ਸਮੇਂ ਲੋਕ ਬਹੁਤ ਜ਼ਰੂਰੀ ਕਪੜੇ ਜਿਵੇਂ ਅੰਡਰ ਗਾਰਮੈਂਟ, ਲੋਅਰ ਆਦਿ ਹੀ ਖ਼ਰੀਦ ਰਹੇ ਹਨ। ਜਦਕਿ ਵਿਆਹ ਸ਼ਾਦੀਆਂ ਤੇ ਪਾਰਟੀ ਵੇਅਰ ਕਪੜੀਆਂ ਦੀ ਮੰਗ ਘੱਟ ਗਈ ਹੈ।