ਨਵੀਂ ਦਿੱਲੀ: ਗੂਗਲ ਨੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੀ ਡਿਜੀਟਲ ਸਹਾਇਕ ਕੰਪਨੀ ਜੀਓ ਪਲੇਟਫਾਰਮਾਂ ਵਿੱਚ 7.73 ਫ਼ੀਸਦੀ ਹਿੱਸੇਦਾਰੀ ਦੇ ਬਦਲੇ 33,737 ਕਰੋੜ ਰੁਪਏ ਅਦਾ ਕੀਤੇ ਹਨ। ਇਸ ਦੇ ਨਾਲ ਕੰਪਨੀ ਫੇਸਬੁੱਕ ਵਰਗੇ ਗਲੋਬਲ ਨਿਵੇਸ਼ਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਗੂਗਲ ਦਾ ਸੰਚਾਲਨ ਅਮਰੀਕੀ ਕੰਪਨੀ ਅਲਫਾਬੈਟ ਇੰਕ ਕਰਦੀ ਹੈ। ਇਸ ਸੌਦੇ ਨਾਲ ਅਮਰੀਕੀ ਟੈਕਨਾਲੌਜੀ ਕੰਪਨੀ ਨੇ ਕਿਸੇ ਭਾਰਤੀ ਕੰਪਨੀ ਵਿੱਚ ਸਭ ਤੋਂ ਵੱਡਾ ਨਿਵੇਸ਼ ਕੀਤਾ ਹੈ।
11 ਹਫ਼ਤਿਆਂ ਵਿੱਚ ਕੰਪਨੀ ਨੇ ਇੱਕਠੀ ਕੀਤੀ 1.52 ਲੱਖ ਕਰੋੜ ਰੁਪਏ ਦੀ ਪੂੰਜੀ
ਰਿਲਾਇੰਸ ਇੰਡਸਟਰੀਜ਼ ਨੇ ਸਿਰਫ 11 ਹਫ਼ਤਿਆਂ ਵਿੱਚ 13 ਵਿੱਤੀ ਅਤੇ ਰਣਨੀਤਿਕ ਨਿਵੇਸ਼ਕਾਂ ਨੂੰ ਜੀਓ ਪਲੇਟਫਾਰਮਾਂ ਦੀ 33 ਫ਼ੀਸਦੀ ਹਿੱਸੇਦਾਰੀ ਵੇਚ ਕੇ 1.52 ਲੱਖ ਕਰੋੜ ਰੁਪਏ ਦੀ ਪੂੰਜੀ ਇਕੱਠੀ ਕੀਤੀ। ਇਸ ਦੇ ਨਾਲ ਕੰਪਨੀ ਮਾਰਚ 2021 ਦੇ ਟੀਚੇ ਤੋਂ ਪਹਿਲਾਂ ਹੀ ਕਰਜ਼ੇ ਨੂੰ ਖ਼ਤਮ ਕਰਨ ਵਿੱਚ ਸਫ਼ਲ ਰਹੀ।
ਰਿਲਾਇੰਸ ਇੰਡਸਟਰੀਜ਼ ਨੇ ਸਟਾਕ ਮਾਰਕੀਟ ਨੂੰ ਨੋਟਿਸ ਜਾਰੀ ਕਰਦੇ ਹੋਏ ਕਿਹਾ, “ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਤੋਂ ਬਾਅਦ, ਕੰਪਨੀ ਦੀ ਸਹਾਇਕ ਕੰਪਨੀ ਜੀਓ ਪਲੇਟਫਾਰਮਾਂ ਨੂੰ ਗੂਗਲ ਇੰਟਰਨੈਸ਼ਨਲ ਐਲਐਲਸੀ ਤੋਂ 33,737 ਕਰੋੜ ਰੁਪਏ ਦੀ ਰਕਮ ਮਿਲੀ ਹੈ।
ਗੂਗਲ ਨੇ ਲਈ ਪਲੇਟਫ਼ਾਰਮਾਂ ਵਿੱਚ ਲਈ 7.73 ਫ਼ੀਸਦੀ ਦੀ ਹਿੱਸੇਦਾਰੀ
ਗੂਗਲ ਇੰਟਰਨੈਸ਼ਨਲ ਐਲਐਲਸੀ, ਜੋ ਕਿ ਗੂਗਲ ਐਲਐਲਸੀ ਦੀ ਸਹਾਇਕ ਕੰਪਨੀ ਹੈ। ਜੀਓ ਪਲੇਟਫਾਰਮਾਂ ਨੇ ਗੂਗਲ ਇੰਟਰਨੈਸ਼ਨਲ ਐਲਐਲਸੀ ਨੂੰ ਇਕੁਵਿਟੀ ਸ਼ੇਅਰ ਅਲਾਟ ਕਰ ਦਿੱਤੇ ਹਨ। ਇਸ ਅਲਾਟਮੈਂਟ ਤੋਂ ਬਾਅਦ ਗੂਗਲ ਇੰਟਰਨੈਸ਼ਨਲ ਐਲਐਲਸੀ ਦੀ ਜੀਓ ਪਲੇਟਫਾਰਮਾਂ ਵਿੱਚ 7.73 ਫ਼ੀਸਦੀ ਦੀ ਹਿੱਸੇਦਾਰੀ ਹੋ ਗਈ ਹੈ।
ਗੂਗਲ ਅਤੇ ਜੀਓ ਪਲੇਟਫ਼ਾਰਮ ਸਸਤੇ ਸਮਾਰਟਫੋਨ ਵਿਕਸਿਤ ਕਰਨ ਲਈ ਵੀ ਗੱਠਜੋੜ ਕਰਨਗੀਆਂ। ਦੋਵੇਂ ਕੰਪਨੀਆਂ ਨੇ ਜੁਲਾਈ ਵਿੱਚ ਇਹ ਜਾਣਕਾਰੀ ਦਿੱਤੀ ਸੀ।
(ਪੀਟੀਆਈ-ਭਾਸ਼ਾ)