ਅੰਮ੍ਰਿਤਸਰ: ਨਵੇ ਵਰ੍ਹੇ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚ ਰਹੇ ਹਨ। ਨਵੇਂ ਸਾਲ ਦੀ ਆਮਦ ਕਰ ਕੇ ਹੋਰਨਾਂ ਸੂਬਿਆਂ ਤੋਂ ਆਏ ਸ਼ਰਧਾਲੂ ਵੱਡੀ ਗਿਣਤੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਿਰ ਨਤਮਸਤਕ ਹੁੰਦੇ ਹਨ। ਇਸ ਨੂੰ ਵੇਖਦੇ ਹੋਏ ਅੰਮ੍ਰਿਤਸਰ ਪੁਲਿਸ ਵਲੋਂ ਵੀ ਖਾਸ ਪ੍ਰਬੰਧ ਕੀਤੇ ਗਏ, ਜੋ ਲੋਕਾਂ ਨੂੰ ਟ੍ਰੈਫਿਕ ਜਾਮ ਵਰਗੀਆਂ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਸ਼ਹਿਰ ਭਰ ਵਿੱਚ 80 ਦੇ ਕਰੀਬ ਨਾਕੇ ਲਗਾਏ, 55 ਦੇ ਪੈਟਰੋਲਿੰਗ ਪਾਰਟੀਆਂ ਮੌਜੂਦ ਰਹੀਆਂ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਦਰਬਾਰ ਸਾਹਿਬ ਲਈ ਸਪੈਸ਼ਲ ਟੀਮ
ਸਾਰੇ ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਗੁਰੂ ਘਰ ਦਰਬਾਰ ਸਾਹਿਬ ਨੂੰ ਲੈ ਕੇ ਉੱਚ ਅਧਿਕਾਰੀਆਂ ਦੀ ਇੱਕ ਸਪੈਸ਼ਲ ਟੀਮ ਉੱਥੇ ਲਗਾਈ ਹੈ, ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਖਾਸ ਤੌਰ ਉੱਤੇ ਸਵੈਤ ਕਮਾਂਡੋ ਦੀਆਂ ਟੀਮਾਂ ਸ਼ਹਿਰ ਵਿੱਚ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਗੂਰੂ ਘਰ ਆਉਣ ਵਾਲੀਆਂ ਸੰਗਤਾਂ ਲਈ ਟ੍ਰੈਫਿਕ ਨਿਪਟਾਰੇ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ, ਤਾਂ ਕਿ ਟ੍ਰੈਫਿਕ ਜਾਮ ਨਾ ਲੱਗੇ। ਪੁਲਿਸ ਕਮਿਸ਼ਨਰ ਨੇ ਕਿਹਾ ਕਿ 4 ਐਸਪੀ ਲੈਵਲ ਦੇ ਅਧਿਕਾਰੀ 14 ਦੇ ਕਰੀਬ ਡੀਐਸਪੀ ਅਤੇ 1800 ਦੇ ਕਰੀਬ ਮੁਲਾਜ਼ਮ ਡਿਊਟੀ ਉੱਤੇ ਲਗਾਏ ਗਏ ਹਨ।
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਲੋਂ ਵਧਾਈਆਂ ਤੇ ਅਪੀਲ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਤੁਸੀਂ ਸਾਰੇ ਨਵਾਂ ਸਾਲ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਮਨਾਓ, ਖੁਸ਼ੀਆਂ ਨਾਲ ਮਨਾਓ, ਪਰ ਕਾਨੂੰਨ ਦੀ ਪਾਲਣਾ ਵੀ ਜ਼ਰੂਰ ਕਰੋ। ਕੋਈ ਵੀ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੇ, ਨਹੀਂ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਵੇਂ ਸਾਲ ਦੀ ਆਮਦ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਗਈ, ਉੱਥੇ ਹੀ ਉਨ੍ਹਾਂ ਕਿਹਾ ਕਿ ਮੈਂ ਸਾਰੇ ਸ਼ਹਿਰ ਵਾਸੀਆਂ ਦੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ ਤੇ ਸਭ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਆਏ। ਆਪਣੇ ਪਰਿਵਾਰ ਵਿੱਚ ਖੁਸ਼ੀਆਂ ਮਨਾਉਣ।