ਅੰਮ੍ਰਿਤਸਰ: ਨਵੇਂ ਸਾਲ ਦੀ ਸ਼ੁਰੂਆਤ ਮੌਕੇ ਜਿੱਥੇ 31 ਦਸੰਬਰ ਤੇਂ ਹੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਹੈ। ਉੱਥੇ ਹੀ ਉਨ੍ਹਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿੱਚ ਆਸਥਾ ਦੀ ਡੁਬਕੀ ਲਾਉਂਦੇ ਹੋਏ ਸੱਚਖੰਡ ਵਿੱਚ ਮੱਥਾ ਟੇਕਿਆ ਅਤੇ ਵਾਹਿਗੁਰੂ ਅੱਗੇ ਨਵੇਂ ਸਾਲ ਦੀ ਸ਼ੁਰੂਆਤ ਅਤੇ ਚੜ੍ਹਦੀਕਲਾ ਦੀ ਅਰਦਾਸ ਕੀਤੀ। ਨਵੇਂ ਸਾਲ ਦੀ ਆਮਦ 'ਤੇ ਦੇਸ਼ਾਂ ਵਿਦੇਸ਼ਾਂ ਤੋਂ ਆਇਆ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਘਰ ਵਿੱਚ ਮੱਥਾ ਟੇਕਿਆ ਗਿਆ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਕੜਾਕੇ ਦੀ ਠੰਢ ਦੇ ਬਾਵਜੂਦ ਸ਼ਰਧਾਲੂ ਕਈ-ਕਈ ਘੰਟੇ ਕਤਾਰਾਂ ਵਿੱਚ ਖੜ੍ਹੇ ਹੋਏ ਹਨ। ਉੱਥੇ ਹੀ ਇਸ ਮੌਕੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਨਵੇਂ ਸਾਲ 'ਤੇ ਗੁਰੂ ਘਰ ਵਿੱਚ ਨਤਮਸਤਕ ਹੋਏ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
2025 ਦੀ ਸ਼ੁਰੂਆਤ ਗੁਰੂ ਘਰ ਤੋਂ ਆਸ਼ੀਰਵਾਦ ਨਾਲ
ਦਰਬਾਰ ਸਾਹਿਬ ਵਿੱਚ ਸਾਲ 2025 ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਤ ਦੇ 12 ਵੱਜਦੇ ਹੀ ਆਤਿਸ਼ਬਾਜ਼ੀ ਦੀ ਰੋਸ਼ਨੀ ਨਾਲ ਅਸਮਾਨ ਵਿੱਚ ਮਨਮੋਹਕ ਦ੍ਰਿਸ਼ ਬਣ ਗਿਆ। ਨਵਾਂ ਸਾਲ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ। ਦੇਰ ਰਾਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਮੱਥਾ ਟੇਕਣ ਲਈ ਸ੍ਰੀ ਦਰਬਾਰ ਸਾਹਿਬ ਪਹੁੰਚੀਆਂ। ਸੰਗਤ ਨੇ 2025 ਦੀ ਸ਼ੁਰੂਆਤ ਗੁਰੂ ਘਰ ਤੋਂ ਆਸ਼ੀਰਵਾਦ ਲੈ ਕੇ ਕੀਤੀ। ਸੰਗਤਾਂ ਨੇ ਕਿਹਾ ਕਿ ਇਹ ਸਾਲ ਖੁਸ਼ੀਆਂ ਖੇੜੇ ਘਰਾਂ ਵਿੱਚ ਲੈ ਕੇ ਆਵੇ ਅਤੇ ਪਰਮਾਤਮਾ ਸਰਬੱਤ ਦਾ ਭਲਾ ਕਰੇ। ਅੱਤ ਦੀ ਠੰਢ ਅਤੇ ਧੁੰਦ ਹੋਣ ਦੇ ਬਾਵਜੂਦ ਸੰਗਤ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਘਰ ਨਤਮਸਤਕ ਹੋਈ। ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਰਹੀ ਤੇ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੀ ਹੈ।
ਲੋਕਾਂ ਦੀ ਆਸਥਾ
ਇਸ ਮੌਕੇ ਗੱਲਬਾਤ ਕਰਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈ ਸੰਗਤਾਂ ਨੇ ਦੱਸਿਆ ਕਿ ਕੋਈ ਨਵੇਂ ਸ਼ਾਲ ਦਾ ਸਵਾਗਤ ਕਲੱਬ ਜਾ ਕੇ ਤੇ ਕੋਈ ਪਾਰਟੀਆਂ ਮਨਾ ਕਰਦੇ ਹਨ, ਪਰ ਅਸੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ, ਜਿੱਥੇ ਗੁਰੂ ਮਹਾਰਾਜ ਅੱਗੇ ਨਤਮਸਤਕ ਹੋ ਕੇ ਆਪਣੇ ਨਵੇਂ ਸਾਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਹਾਂ, ਕਿਉਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਅਤੇ ਸੰਸਾਰ ਭਰ ਦੇ ਲੋਕਾਂ ਦੀ ਆਸਥਾ ਦਾ ਕੇਂਦਰ ਹੈ। ਜਿੱਥੇ ਉਨ੍ਹਾਂ ਨੂੰ ਬਹੁਤ ਸਾਂਤੀ ਮਿਲੀ ਹੈ ਅਤੇ ਜਦੋਂ ਵਾਹਿਗੁਰੂ ਸਾਡੇ 'ਤੇ ਮੇਹਰ ਭਰਾ ਹੱਥ ਰੱਖਦੇ ਹਨ ਤੇ ਜੀਵਨ ਦਾ ਹਰ ਦਿਨ ਚੜਦੀ ਕਲਾ ਵਾਲਾ ਹੁੰਦਾ ਹੈ। ਉੱਥੇ ਹੀ ਆਈਆਂ ਸੰਗਤਾਂ ਨੇ ਕਿਹਾ ਕਿ ਅਸੀਂ ਨੌਜਵਾਨ ਪੀੜੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਵਾਹਿਗੁਰੂ ਦਾ ਨਾਮ ਜਪੋ।