ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਵਿਰੁੱਧ ਵਪਾਰ ਯੁੱਧ ਛੇੜਣ ਤੋਂ ਬਾਅਦ ਭਾਰਤ ਨੇ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ ਅਮਰੀਕਾ ਨੂੰ 75.5 ਕਰੋੜ ਡਾਲਰ ਦਾ ਜ਼ਿਆਦਾ ਨਿਰਯਾਤ ਕੀਤਾ ਹੈ। ਅਮਰੀਕਾ ਦੇ ਵਪਾਰ ਵਿਭਾਗ ਨੇ ਇਹ ਜਾਣਕਾਰੀ ਦਿੱਤੀ।
ਯੂਐੱਨ ਕਾਨਫ਼ਰੰਸ ਆਨ ਟ੍ਰੇਡ ਐਂਡ ਡਿਵੈਲਪਮੈਂਟ (ਅੰਕਟਾਡ) ਦੇ ਇੱਕ ਸੋਧ ਪੱਤਰ ਵਿੱਚ ਕਿਹਾ ਗਿਆ ਹੈ ਕਿ ਟ੍ਰੇਡ ਬਦਲਾਅ ਦਾ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਉੱਤੇ ਘੱਟ ਅਸਰ ਪਿਆ ਹੈ।
ਜਾਣਕਾਰੀ ਮੁਤਾਬਕ ਚੀਨ ਉੱਤੇ ਅਮਰੀਕਾ ਵੱਲੋਂ ਲਾਏ ਗਏ ਟੈਕਸਾਂ ਤੋਂ ਆਰਥਿਕ ਪੱਖੋਂ ਦੋਵੇਂ ਦੇਸ਼ ਹੀ ਪ੍ਰਭਾਵਿਤ ਹਨ। ਟੈਕਸਾਂ ਕਾਰਨ ਅਮਰੀਕਾ ਵਿੱਚ ਚੀਨੀ ਵਸਤੂਆਂ ਦੇ ਆਯਾਤ ਵਿੱਚ ਭਾਰੀ ਗਿਰਾਵਟ ਆਈ ਹੈ।
ਰਿਪੋਰਟ ਮੁਤਾਬਕ, ਸਾਲ ਦੀ ਪਹਿਲੀ ਛਿਮਾਹੀ ਵਿੱਚ ਇੰਨ੍ਹਾਂ ਦੇਸ਼ਾਂ ਤੋਂ ਲਗਭਗ 21 ਅਰਬ ਡਾਲਰ ਦਾ ਆਯਾਤ ਦਿੱਤਾ ਗਿਆ ਹੈ।
ਸਭ ਤੋਂ ਜ਼ਿਆਦਾ ਫ਼ਾਇਦਾ ਤਾਇਵਾਨ ਅਤੇ ਮੈਕਸਿਕੋ ਨੂੰ ਹੋਇਆ ਹੈ।
ਦਫ਼ਤਰੀ ਮਸ਼ੀਨਰੀ ਅਤੇ ਸੰਚਾਰ ਉਪਕਰਣ ਦੇ ਖੇਤਰ ਵਿੱਚ ਚੀਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ 2019 ਦੀ ਪਹਿਲੀ ਛਿਮਾਹੀ ਵਿੱਚ ਅਮਰੀਕੀ ਆਯਾਤ ਵਿੱਚ 15 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ।
ਅੰਕੜਿਆਂ ਮੁਤਾਬਕ ਭਾਰਤ ਇਸ ਦੌਰਾਨ ਇਸ ਸੈਕਟਰ ਵਿੱਚ ਦਫ਼ਤਰੀ ਮਸ਼ੀਨਰੀ ਦੇ ਪੁਰਜ਼ਿਆਂ ਵਿੱਚ ਸਿਰਫ਼ 1.8 ਕਰੋੜ ਡਾਲਰ ਦਾ ਵਪਾਰ ਹੀ ਕਰ ਸਕਿਆ ਅਤੇ ਸੰਚਾਰ ਖੇਤਰ ਵਿੱਚ ਬਿਲਕੁੱਲ ਨਹੀਂ ਕੀਤਾ।
ਜਾਣਕਾਰੀ ਮੁਤਾਬਕ ਭਾਰਤ ਨੇ ਸਭ ਤੋਂ ਜ਼ਿਆਦਾ ਰਸਾਇਣ ਖੇਤਰ ਵਿੱਚ 24.3 ਕਰੋੜ ਡਾਲਰ, ਬਿਜਲੀ ਮਸ਼ੀਨਰੀ ਵਿੱਚ 8.3 ਕਰੋੜ ਡਾਲਰ ਅਤੇ ਹੋਰ ਮਸ਼ੀਨਰੀ ਵਿੱਚ 6.8 ਕਰੋੜ ਡਾਲਰ ਦਾ ਵਪਾਰ ਕੀਤਾ।
ਭਾਰਤ ਹਾਲਾਂਕਿ ਟਰੰਪ ਦੇ ਟ੍ਰੇਡ ਵਾਰ ਵਿੱਚ ਇੱਕ ਪੀੜਿਤ ਹੀ ਰਿਹਾ ਹੈ। ਟਰੰਪ ਦਾ ਕਹਿਣਾ ਹੈ ਕਿ ਭਾਰਤ ਟੈਕਸਾਂ ਦਾ ਰਾਜਾ ਹੈ।
ਅਮਰੀਕਾ ਨੇ ਜੂਨ ਵਿੱਚ ਭਾਰਤ ਨੂੰ ਜਨਰਲ ਆਫ਼ ਪਰੈਫ਼ਰੈਂਸ ਦਾ ਲਾਭ ਦੇਣ ਤੋਂ ਇੰਨਕਾਰ ਕਰ ਦਿੱਤਾ ਸੀ। ਟਰੰਪ ਪ੍ਰਸ਼ਾਸਨ ਨੇ ਭਾਰਤ ਤੋਂ ਵਪਾਰ ਅਤੇ ਉਸ ਨਾਲ ਸੰਬਧਿਤ ਕਈ ਮੰਗਾਂ ਕੀਤੀਆਂ ਸਨ।