ਨਵੀਂ ਦਿੱਲੀ: ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਆਉਣ ਵਾਲੇ ਕੁੱਝ ਹਫ਼ਤੇ ਵਿੱਚ ਏਅਰ ਇੰਡੀਆ ਲਈ ਰੁੱਚੀ ਪੱਤਰ ਜਾਰੀ ਕਰਨ ਦੀ ਕੋਸ਼ਿਸ਼ ਕਰੇਗਾ। ਪੁਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਵਾਈ ਮੰਤਰਾਲਾ ਹਵਾਈ ਖੇਤਰ ਲਈ ਨੋਡਲ (ਮੁੱਖ) ਮੰਤਰਾਲਾ ਹੈ। ਇਹ ਡਿਸਇਨਵੈਸਟਮੈਂਟ ਵਿਭਾਗ ਦਾ ਹਿੱਸਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਏਅਰ ਇੰਡੀਆ ਪਹਿਲੀ ਸ਼੍ਰੇਣੀ ਦੀ ਏਅਰ ਲਾਇਨ ਹੈ ਉਸ ਦੇ ਨਿੱਜੀਕਰਨ ਨੂੰ ਲੈ ਕੇ ਕੋਈ ਦੋਹਰੀ ਰਾਏ ਨਹੀਂ ਹੈ। ਅਸੀਂ ਕਿਸੇ ਨਿਸ਼ਚਿਤ ਸਮਾਂ ਮਿਆਦ ਦੇ ਅਧੀਨ ਨਹੀਂ ਹਾਂ। ਅਸੀਂ ਜਲਦ ਤੋਂ ਜਲਦ ਏਅਰ ਇੰਡੀਆ ਦੇ ਡਿਸਇਨਵੈਸਟਮੈਂਟ ਦੀ ਕੋਸ਼ਿਸ਼ ਕਰ ਰਹੇ ਹਾਂ।
ਇਸ ਤੋਂ ਪਹਿਲਾਂ ਏਅਰ ਇੰਡੀਆ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਵਿੱਤੀ ਸੰਕਟ ਵਿੱਚ ਫਸੀ ਸਰਕਾਰੀ ਏਅਰ ਲਾਇਨ ਏਅਰ ਇੰਡੀਆ ਨੂੰ ਜੇ ਖ਼ਰੀਦਦਾਰ ਨਹੀਂ ਮਿਲਿਆ ਤਾਂ ਅਗਲੇ ਸਾਲ ਜੂਨ ਤੱਕ ਇਸ ਨੂੰ ਮਜਬੂਰ ਹੋ ਕੇ ਬੰਦ ਕਰਨਾ ਪਵੇਗਾ।
ਦੱਸ ਦਈਏ ਕਿ ਏਅਰਲਾਈਨ ਉੱਤੇ ਲਗਭਗ 60,000 ਕਰੋੜ ਰੁਪਏ ਦਾ ਕਰਜ਼ ਹੈ ਅਤੇ ਸਰਕਾਰ ਡਿਸਇਨਵੈਸਟਮੈਂਟ ਦੇ ਤੌਰ-ਤਰੀਕਿਆਂ ਉੱਤੇ ਕੰਮ ਕਰ ਰਹੀ ਹੈ। ਸਰਕਾਰ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿੱਚ ਏਅਰ ਇੰਡੀਆ ਵਿੱਚ ਆਪਣੀ ਹਿੱਸੇਦਾਰੀ ਦੀ ਵਿਕਰੀ ਲਈ ਰੁੱਚੀ ਪੱਤਰ ਜਾਰੀ ਕਰ ਸਕਦੀ ਹੈ।