ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 6 ਦਿਨਾਂ ਤੋਂ ਜਾਰੀ ਗਿਰਵਾਟ ਉੱਤੇ ਰੋਕ ਲੱਗ ਗਈ ਹੈ। ਤੇਲ ਵਪਾਰਕ ਕੰਪਨੀਆਂ ਨੇ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ।
ਉੱਧਰ, ਮੰਗ ਦੇ ਮੁਕਾਬਲੇ ਕੱਚੇ ਤੇਲ ਦੀ ਪੂਰਤੀ ਜ਼ਿਆਦਾ ਹੋਣ ਕਾਰਨ ਲੀਬਿਆ ਤੋਂ ਪੂਰਤੀ ਵਿੱਚ ਰੁਕਾਵਟ ਹੋਣ ਨਾਲ ਅੰਤਰ-ਰਾਸ਼ਟਰੀ ਬਾਜ਼ਾਰ ਉੱਤੇ ਕੋਈ ਅਸਰ ਨਾ ਪੈਣ ਦੀਆਂ ਸੰਭਾਵਨਾਵਾਂ ਦੇ ਵਿਚਕਾਰ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਸਰੇ ਦਿਨ ਨਰਮੀ ਜਾਰੀ ਰਹੀ। ਬੀਤੇ 6 ਦਿਨਾਂ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 88 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਜਦਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਉਪਭੋਗਤਾ ਨੂੰ ਇੱਕ ਰੁਪਇਆ ਪ੍ਰਤੀ ਲੀਟਰ ਦੀ ਰਾਹਤ ਮਿਲੀ।
ਇੰਡੀਅਨ ਆਇਲ ਦੀ ਵੈਬਸਾਇਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿੱਚ ਪੈਟਰੋਲ ਦੀਆਂ ਕੀਮਤਾਂ ਲੜੀਵਾਰ 74.82 ਰੁਪਏ, 77.42 ਰੁਪਏ, 80.42 ਰੁਪਏ ਅਤੇ 77.72 ਰੁਪਏ ਪ੍ਰਤੀ ਲੀਟਰ ਬਣਿਆ ਹੋਇਆ ਹੈ।
ਇਸੇ ਪ੍ਰਕਾਰ, ਚਾਰੋਂ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ ਵੀ ਬਿਨਾਂ ਕਿਸੇ ਬਦਲਾਅ ਦੇ ਲੜੀਵਾਰ 68.05 ਰੁਪਏ, 70.41 ਰੁਪਏ, 71.35 ਰੁਪਏ ਅਤੇ 71.90 ਰੁਪਏ ਪ੍ਰਤੀ ਲੀਟਰ ਉੱਤੇ ਸਥਿਰ ਹੈ।
ਇਹ ਵੀ ਪੜ੍ਹੋ: ਨਵੇਂ ਸਾਲ ਵਿੱਚ ਪਹਿਲੀ ਵਾਰ ਪੈਟਰੋਲ, ਡੀਜ਼ਲ ਦੀ ਕੀਮਤ 'ਚ ਕਟੌਤੀ
ਇੱਕ ਦਿਨ ਪਹਿਲਾਂ ਤੇਲ ਵਪਾਰਕ ਕੰਪਨੀਆਂ ਨੇ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 16 ਪੈਸੇ ਜਦਕਿ ਚੇਨੱਈ ਵਿੱਚ 17 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ। ਡੀਜ਼ਲ ਦੀ ਕੀਮਤ ਮੰਗਲਵਾਰ ਨੂੰ ਦਿੱਲੀ ਅਤੇ ਕੋਲਕਾਤਾ ਵਿੱਚ 21 ਪੈਸੇ ਜਦਕਿ ਮੁੰਬਈ ਵਿੱਚ 22 ਪੈਸ ਅਤੇ ਚੇਨੱਈ ਵਿੱਚ 23 ਪੈਸੇ ਪ੍ਰਤੀ ਲੀਟਰ ਘੱਟ ਗਈ ਸੀ।