ਨਵੀਂ ਦਿੱਲੀ: ਦੇਸ਼ ਭਰ ਦੇ ਲੈਂਡਲਾਈਨ ਫ਼ੋਨਾਂ ਤੋਂ ਮੋਬਾਈਲ ਫੋਨ 'ਤੇ ਕਾਲ ਕਰਨ ਲਈ ਗਾਹਕਾਂ ਨੂੰ 1 ਜਨਵਰੀ ਤੋਂ ਨੰਬਰ ਤੋਂ ਪਹਿਲਾਂ ਜ਼ੀਰੋ ਲਗਾਉਣਾ ਲਾਜ਼ਮੀ ਹੋਵੇਗਾ। ਦੂਰਸੰਚਾਰ ਵਿਭਾਗ ਨੇ ਇਸ ਨਾਲ ਜੁੜੇ ਟਰਾਈ ਦੀਆਂ ਤਜਵੀਜ਼ਾਂ ਨੂੰ ਸਵੀਕਾਰ ਕਰ ਲਿਆ ਹੈ।
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਨੇ ਅਜਿਹੀਆਂ ਕਾਲਾਂ ਲਈ 29 ਮਈ 2020 ਨੂੰ ਨੰਬਰ ਆਉਣ ਤੋਂ ਪਹਿਲਾਂ ‘ਜ਼ੀਰੋ’ ਲਗਾਉਣ ਦੀ ਸਿਫਾਰਸ਼ ਕੀਤੀ ਸੀ। ਇਸ ਨਾਲ ਟੈਲੀਕਾਮ ਸਰਵਿਸ ਪ੍ਰੋਵਾਈਡਰ ਨੂੰ ਵਧੇਰੇ ਨੰਬਰ ਬਣਾਉਣ ਦੀ ਸੁਵਿਧਾ ਮਿਲੇਗੀ।
ਦੂਰਸੰਚਾਰ ਵਿਭਾਗ ਨੇ 20 ਨਵੰਬਰ ਨੂੰ ਜਾਰੀ ਕੀਤੇ ਇੱਕ ਸਰਕੂਲਰ ਵਿੱਚ ਕਿਹਾ ਹੈ ਕਿ ਲੈਂਡਲਾਈਨ ਤੋਂ ਮੋਬਾਈਲ ਵਿੱਚ ਡਾਇਲਿੰਗ ਨੰਬਰਾਂ ਵਿੱਚ ਤਬਦੀਲੀ ਲਈ ਟਰਾਈ ਦੀਆਂ ਸਿਫ਼ਾਰਸ਼ਾਂ ਸਵੀਕਾਰ ਕਰ ਲਈਆਂ ਗਈਆਂ ਹਨ। ਇਹ ਮੋਬਾਈਲ ਅਤੇ ਲੈਂਡਲਾਈਨ ਸੇਵਾਵਾਂ ਲਈ ਲੋੜੀਂਦੇ ਨੰਬਰ ਬਣਾਉਣ ਵਿੱਚ ਸੁਵਿਧਾ ਮਿਲੇਗੀ।
ਸਰਕੂਲਰ ਦੇ ਅਨੁਸਾਰ ਉਪਰੋਕਤ ਨਿਯਮ ਲਾਗੂ ਕਰਨ ਤੋਂ ਬਾਅਦ ਲੈਂਡਲਾਈਨ ਤੋਂ ਮੋਬਾਈਲ ਤੇ ਕਾਲ ਕਰਨ ਲਈ, ਕਿਸੇ ਨੂੰ ਨੰਬਰ ਤੋਂ ਪਹਿਲਾਂ ਜ਼ੀਰੋ ਡਾਇਲ ਕਰਨਾ ਹੋਵੇਗਾ। ਦੂਰਸੰਚਾਰ ਵਿਭਾਗ ਨੇ ਕਿਹਾ ਕਿ ਦੂਰਸੰਚਾਰ ਕੰਪਨੀਆਂ ਨੂੰ ਲੈਂਡਲਾਈਨ ਦੇ ਸਾਰੇ ਗਾਹਕਾਂ ਨੂੰ ਜ਼ੀਰੋ ਡਾਇਲ ਦੀ ਸਹੂਲਤ ਦੇਣੀ ਪਵੇਗੀ।
ਇਹ ਸਹੂਲਤ ਇਸ ਸਮੇਂ ਤੁਹਾਡੇ ਖੇਤਰ ਤੋਂ ਬਾਹਰ ਦੀਆਂ ਕਾਲਾਂ ਲਈ ਉਪਲਬਧ ਹੈ। ਇਸ ਨਵੀਂ ਪ੍ਰਣਾਲੀ ਨੂੰ ਅਪਣਾਉਣ ਲਈ ਦੂਰਸੰਚਾਰ ਕੰਪਨੀਆਂ ਨੂੰ 1 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ।
ਡਾਇਲਿੰਗ ਦੇ ਤਰੀਕੇ ਵਿੱਚ ਕੀਤੀ ਗਈ ਇਸ ਤਬਦੀਲੀ ਨਾਲ ਦੂਰਸੰਚਾਰ ਕੰਪਨੀਆਂ ਮੋਬਾਈਲ ਸੇਵਾਵਾਂ ਲਈ 254.4 ਕਰੋੜ ਦੇ ਵਾਧੂ ਨੰਬਰ ਤਿਆਰ ਕਰ ਸਕਣਗੀਆਂ। ਇਹ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ।