ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈਸ ਕਾਨਫਰੰਸ ਕੀਤੀ। ਇਹ ਕਾਨਫਰੰਸ ਅਜਿਹੇ ਸਮੇਂ ਵਿੱਚ ਹੋਈ ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਈ ਹੋਈ ਹੈ ਜਿਸ ਕਾਰਨ ਭਾਰਤ ਦੀ ਅਰਥ ਵਿਵਸਥਾ ਉੱਤੇ ਪ੍ਰਭਾਵ ਪਿਆ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਵਿੱਚ 21 ਦਿਨਾਂ ਲਈ ਤਾਲਾਬੰਦੀ ਵੀ ਕੀਤੀ ਗਈ ਹੈ।
ਇਸੇ ਤਾਲਾਬੰਦੀ ਦੌਰਾਨ ਆਰਬੀਆਈ ਨੇ ਵੱਡਾ ਐਲਾਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਅਸਰ ਪੂਰੀ ਦੁਨੀਆ ਉੱਤੇ ਪੈ ਰਿਹਾ ਹੈ। ਇਸ ਨਾਲ ਆਧੁਨਿਕ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ। ਦੇਸ਼ ਦੀ ਅਰਥ ਵਿਵਸਥਾ ਉੱਤੇ ਵੀ ਇਸ ਦਾ ਅਸਰ ਹੋ ਸਕਦਾ ਹੈ।
ਤਾਲਾਬੰਦੀ ਨੂੰ ਵੇਖਦਿਆਂ ਆਰਬੀਆਈ ਨੇ ਰੈਪੋ ਰੇਟ ਵਿੱਚ 0.75 ਬੇਸਿਸ ਪੁਆਇੰਟ ਦੀ ਕਟੌਤੀ, ਰਿਵਰਸ ਰੈਪੋ ਰੇਟ ਵਿੱਚ ਵੀ ਕਟੌਤੀ ਕੀਤੀ ਹੈ। ਰੈਪੋ ਰੇਟ ਨੂੰ 5.15 ਤੋਂ ਘਟਾ ਕੇ 4.45 ਕਰ ਦਿੱਤਾ ਗਿਆ ਹੈ। ਆਰਬੀਆਈ ਨੇ ਰਿਵਰਸ ਰੈਪੋ ਰੇਟ ਵਿੱਚ ਵੀ 90 ਬੇਸਿਸ ਪੁਆਇੰਟ ਦੀ ਕਟੌਤੀ ਕਰਦਿਆਂ 4 ਫੀਸਦੀ ਕਰ ਦਿੱਤੀ ਹੈ।
ਆਰਬੀਆਈ ਦੇ ਗਵਰਨਰ ਨੇ ਕਿਹਾ ਕਿ ਨਕਦ ਰਾਖਵਾਂ ਅਨੁਪਾਤ (ਸੀਆਰਆਰ) ਵਿੱਚ 100 ਬੇਸਿਸ ਪੁਆਇੰਟ ਦੀ ਕਟੌਤੀ ਕਰਕੇ ਤਿੰਨ ਫੀਸਦੀ ਕਰ ਦਿੱਤਾ ਗਿਆ ਹੈ। ਇਹ ਇੱਕ ਸਾਲ ਤੱਕ ਦੀ ਮਿਆਦ ਲਈ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਰੀਆਂ ਕਮਰਸ਼ੀਅਲ ਬੈਂਕਾਂ ਨੂੰ ਬਿਆਜ ਅਤੇ ਕਰਜ਼ਾ ਦੇਣ ਲਈ 3 ਮਹੀਨਿਆਂ ਦੀ ਛੋਟ ਦਿੱਤੀ ਜਾ ਰਹੀ ਹੈ।
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਵਿਡ-19 ਕਾਰਨ ਅਰਥ ਵਿਵਸਥਾ ਨੂੰ ਹੋਣ ਵਾਲੇ ਖ਼ਤਰੇ ਦੇ ਮੱਦੇਨਜ਼ਰ ਐਮਪੀਸੀ ਨੇ ਸਮੇਂ ਤੋਂ ਪਹਿਲਾਂ ਹੀ ਸਮੀਖਿਆ ਬੈਠਕ ਕੀਤੀ। ਸਮੀਖਿਆ ਮੀਟਿੰਗ 24 ਤੋਂ 27 ਮਾਰਚ ਤੱਕ ਚੱਲੀ।
ਦਾਸ ਨੇ ਕਿਹਾ ਹੈ ਕਿ ਉਨ੍ਹਾਂ ਦਾ ਧਿਆਨ ਆਰਥਿਕ ਸਥਿਰਤਾ 'ਤੇ ਹੈ ਅਤੇ ਦੁਨੀਆ ਦੇ ਕਈ ਦੇਸ਼ ਕੋਰੋਨਾ ਵਾਇਰਸ ਨਾਲ ਲੜ ਰਹੇ ਹਨ। ਦੇਸ਼ ਵਿੱਚ ਤਾਲਾਬੰਦੀ ਕਾਰਨ ਆਰਥਿਕ ਗਤੀਵਿਧੀਆਂ ਰੁਕੀਆਂ ਹੋਈਆਂ ਹਨ। ਇਸ ਲਈ ਆਰਬੀਆਈ ਦਾ ਧਿਆਨ ਲੋਕਾਂ ਨੂੰ ਰਾਹਤ ਦੇਣ ਵਿਚ ਹੈ।