ਭਿੱਖੀਵਿੰਡ: ਤਰਨਤਾਰਨ 'ਚ ਨਸ਼ੇ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣਾ ਆਇਆ ਹੈ। ਇਹ ਮਾਮਲਾ ਪਿੰਡ ਵੀਰਮ ਦਾ ਹੈ ਜਿੱਥੇ ਨੌਜਵਾਨ ਨੇ ਬੰਬੀ 'ਤੇ ਜਾ ਕੇ ਟੀਕਾ ਲਗਾਇਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ।
ਪਿੰਡ ਵੀਰਮ ਦੇ ਮੋਹਤਬਰ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਸਵੇਰੇ ਘਰੋਂ ਲਗਭਗ ਸਾਢੇ ਅੱਠ ਵਜੇ ਕਿਸੇ ਕੰਮ ਗਿਆ ਸੀ ਪਰ ਬਾਅਦ ਵਿੱਚ ਪਰਿਵਾਰ ਨੂੰ ਲਗਭਗ ਸਾਢੇ 10 ਵਜੇ ਕਿਸੇ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਪਿੰਡ ਪਹੂਵਿੰਡ ਦੇ ਸਰਪੰਚ ਦੀ ਬੰਬੀ 'ਤੇ ਨਸ਼ੇ ਦਾ ਟੀਕਾ ਲਗਾਉਣ ਕਾਰਨ ਮਰਿਆ ਪਿਆ ਹੈ।
ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਾ ਕੇ ਵੇਖਿਆ ਤਾਂ ਘਟਨਾ ਵਾਲੀ ਥਾਂ ਜੂਠੀਆਂ ਸਰਿੰਜਾਂ ਖਿਲਰੀਆਂ ਹੋਈਆਂ ਸਨ ਅਤੇ ਕੋਲ ਹੀ ਲਵਪ੍ਰੀਤ ਸਿੰਘ ਦੀ ਲਾਸ਼ ਪਈ ਹੋਈ ਸੀ। ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਲਾਸ਼ ਨੂੰ ਘਰ ਲਿਜਾਇਆ ਗਿਆ।
ਉਕਤ ਮੋਹਤਬਰਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਨਸ਼ੇ ਨੂੰ ਠੱਲ੍ਹ ਪਾਉਣ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਚੋਣ ਕਮਿਸ਼ਨ ਅਤੇ ਤਰਨਤਾਰਨ ਦੇ ਡੀਸੀ ਤੋਂ ਮੰਗ ਕੀਤੀ ਹੈ ਕਿ ਨਸ਼ੇ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਨਾ ਬੁਝ ਸਕੇ।
ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਸੀ ਪਰ ਹੁਣ ਉਸ ਨੇ ਨਸ਼ਾ ਛੱਡ ਦਿੱਤਾ ਸੀ ਜਿਸ ਕਾਰਨ ਉਹ ਕਾਫੀ ਕਮਜ਼ੋਰ ਹੋ ਗਿਆ ਸੀ। ਪਿੰਡ ਆਉਂਦਿਆਂ ਹੀ ਉਸ ਨੂੰ ਘਬਰਾਹਟ ਹੋਈ ਤਾਂ ਰਸਤੇ ਵਿੱਚ ਭੱਠੇ ਵਾਲਿਆਂ ਦੀ ਬੰਬੀ 'ਤੇ ਪਾਣੀ ਪੀਣ ਗਿਆ ਤਾਂ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।