ਲੁਧਿਆਣਾ : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਲੁਧਿਆਣਾ ਦੇ 26 ਸਾਲਾਂ ਨੌਜਵਾਨ ਗੁਰਵਿੰਦਰ ਸਿੰਘ ਨੂੰ ਪੁਲਿਸ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਅਤੇ ਅੱਜ ਅਦਾਲਤ ਦੇ ਵਿੱਚ ਪੇਸ਼ ਕਰ ਉਸ ਦਾ ਰਿਮਾਂਡ ਹਾਸਿਲ ਕੀਤੀ ਹੈ। ਦਰਅਸਲ ਗੁਰਵਿੰਦਰ ਸਿੰਘ ਇੱਕ ਪੁਲਿਸ ਮੁਲਾਜ਼ਮ ਦਾ ਪੁੱਤਰ ਹੈ ਅਤੇ ਉਸ ਦੇ ਖਿਲਾਫ ਲੁੱਟ ਦਾ ਮਾਮਲਾ ਦਰਜ ਹੈ। ਮੁਲਜ਼ਮ ਗੈਰ-ਕਾਨੂੰਨੀ ਢੰਗ ਦੇ ਨਾਲ ਅਮਰੀਕਾ ਚਲਾ ਗਿਆ ਅਤੇ ਹੁਣ ਅਮਰੀਕਾ ਤੋਂ ਲਗਾਤਾਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿੱਚ ਗੁਰਵਿੰਦਰ ਸਿੰਘ ਵੀ ਡਿਪੋਰਟ ਹੋ ਕੇ ਭਾਰਤ ਪਰਤਿਆ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਗੁਰਵਿੰਦਰ ਸਿੰਘ ਦੇ ਘਰ ਚੱਲ ਰਿਹਾ ਹੈ ਵਿਆਹ ਦਾ ਸਮਾਗਮ
ਦੱਸ ਦਈਏ ਲੁਧਿਆਣਾ ਦੇ ਸਸਰਾਲੀ ਕਲੋਨੀ, ਇਲਾਕਾ ਮੇਹਰਬਾਨ ਨਿਵਾਸੀ 26 ਸਾਲਾ ਗੁਰਵਿੰਦਰ ਸਿੰਘ ਦੇ ਘਰ ਵਿਆਹ ਦਾ ਸਮਾਗਮ ਚੱਲ ਰਿਹਾ ਹੈ। ਇਸ ਕਰਕੇ ਪਰਿਵਾਰ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।

ਜਮਾਲਪੁਰ ਪੁਲਿਸ ਸਟੇਸ਼ਨ ਚੌਂਕੀ ਇੰਚਾਰਜ ਨੇ ਦਿੱਤੀ ਜਾਣਕਾਰੀ
ਜਮਾਲਪੁਰ ਪੁਲਿਸ ਸਟੇਸ਼ਨ ਚੌਂਕੀ ਇੰਚਾਰਜ ਨੇ ਦੱਸਿਆ ਕਿ "ਗੁਰਵਿੰਦਰ ਸਿੰਘ ਉੱਤੇ ਵੱਖ-ਵੱਖ ਧਰਾਵਾਂ ਦੇ ਤਹਿਤ 3 ਮੁਕੱਦਮੇ ਦਰਜ ਹਨ। ਜਿਨ੍ਹਾਂ ਵਿੱਚ ਲੁੱਟ ਖੋਹ ਆਦਿ ਦੇ ਮਾਮਲੇ ਸ਼ਾਮਿਲ ਹਨ। ਇੱਕ ਮਾਮਲੇ ਵਿੱਚ ਉਸ ਦੇ ਖਿਲਾਫ ਵਾਰੰਟ ਜਾਰੀ ਹੋਏ ਸਨ। ਮੁਲਜ਼ਮ ਜਾਅਲੀ ਪਾਸਪੋਰਟ ਬਣਵਾਕੇ ਵਿਦੇਸ਼ ਗਿਆ ਸੀ। ਪੁਲਿਸ ਵੱਲੋਂ ਲਗਾਤਾਰ ਇਸ ਦੀ ਭਾਲ ਕੀਤੀ ਜਾ ਰਹੀ ਸੀ। ਮੁਲਜ਼ਮ ਦੇ ਪਿਤਾ ਬਸਤੀ ਜੋਧੇਵਾਲ ਪੁਲਿਸ ਸਟੇਸ਼ਨ ਦੇ ਵਿੱਚ ਤੈਨਾਤ ਹਨ। ਉਨ੍ਹਾਂ ਕਿਹਾ ਕਿ ਜਿਹੜੇ ਏਜੰਟਾਂ ਵੱਲੋਂ ਜਾਅਲੀ ਦਸਤਾਵੇਜ ਬਣਾ ਕੇ ਇਸ ਨੂੰ ਬਾਹਰ ਭੇਜਿਆ ਗਿਆ ਉਨ੍ਹਾਂ ਦੀ ਵੀ ਭਾਲ ਕਰਕੇ ਉਨ੍ਹਾਂ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ।