ਲੁਧਿਆਣਾ: ਕਹਿੰਦੇ ਨੇ ਮੁਲਜ਼ਮ ਭਾਵੇਂ ਕਿੰਨਾਂ ਹੀ ਸ਼ਾਤਰ ਕਿਉਂ ਨਾ ਹੋਵੇ, ਉਹ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕਦਾ.. ਅਜਿਹਾ ਹੀ ਸ਼ਾਤਰ ਦਿਮਾਗ ਵਾਲੇ ਮੁਲਜ਼ਮ ਦਾ ਪਰਦਾਫਾਸ਼ ਕਰਦਿਆਂ ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਹੋਏ ਮਹਿਲਾ ਦੇ ਕਤਲ ਦਾ ਮਾਮਲਾ ਹੱਲ ਕਰ ਲਿਆ ਹੈ। ਇਸ ਕਤਲ ਮਾਮਲੇ ਵਿੱਚ ਪੁਲਿਸ ਨੇ ਕਾਤਲ ਪਤੀ ਨੂੰ ਉਸ ਦੀ ਪ੍ਰੇਮਿਕਾ ਅਤੇ 4 ਹੋਰ ਮੁਲਜ਼ਮਾਂ ਸਣੇ ਕਾਬੂ ਕੀਤਾ ਹੈ। ਦਰਅਸਲ 15 ਫਰਵਰੀ ਦੀ ਰਾਤ ਲੁਧਿਆਣਾ ਤੋਂ ਇੱਕ ਲੁੱਟ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਅਲੋਕ ਮਿੱਤਲ ਨੇ ਦਾਅਵਾ ਕੀਤਾ ਸੀ ਕਿ ਪਤਨੀ ਨਾਲ ਉਹ ਬਾਹਰ ਖਾਣਾ ਖਾਣ ਲਈ ਗਿਆ ਸੀ, ਪਰ ਜਦੋਂ ਉਹ ਘਰ ਆ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਨਾਲ ਲੁੱਟ ਹੋ ਗਈ। ਇਸ ਲੁੱਟ ਦੀ ਵਾਰਦਾਤ ਦੌਰਾਨ ਲੁਟੇਰੇ ਉਸ ਦੀ ਪਤਨੀ ਦਾ ਕਤਲ ਕਰ ਰਹੇ ਅਤੇ ਉਸਦੀ ਕਾਰ ਲੈ ਕੇ ਫਰਾਰ ਹੋ ਗਏ।
ਢਾਈ ਲੱਖ 'ਚ ਕੀਤਾ ਪਤਨੀ ਦੀ ਜਾਨ ਦਾ ਸੌਦਾ
ਇਸ ਪੂਰੇ ਮਾਮਲੇ ਵਿੱਚ ਅਲੋਕ ਮਿੱਤਲ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕੀਤੀ ਸੀ। ਇਸ ਕਾਰਵਾਈ ਦੌਰਾਨ ਜੋ ਖੁਲਾਸੇ ਹੋਏ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ "ਅਲੋਕ ਮਿੱਤਲ ਨੇ ਕਿਸੇ ਹੋਰ ਔਰਤ ਨਾਲ ਪ੍ਰੇਮ ਸਬੰਧ ਹਨ, ਜਿਸ ਕਰਕੇ ਉਸ ਨੇ ਆਪਣੇ ਪਤਨੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਪੁਲਿਸ ਨੇ ਮੁਲਜ਼ਮ ਦੀ ਪ੍ਰੇਮਿਕਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਬੀਤੇ ਦਿਨ (ਐਤਵਾਰ) ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਮ੍ਰਿਤਕਾ ਦੀ ਲਾਸ਼ ਰੱਖ ਗਈ ਅਤੇ ਇਸ ਦੌਰਾਨ ਪੁਲਿਸ ਉੱਤੇ ਸਵਾਲ ਚੁੱਕੇ ਜਾ ਰਹੇ ਸਨ। ਇਸੇ ਦੌਰਾਨ ਸਾਨੂੰ ਕੁਝ ਸਬੂਤ ਮਿਲੇ ਅਤੇ ਅਸੀਂ ਮ੍ਰਿਤਕਾ ਦੇ ਪਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ, ਕਿਉਂਕਿ ਉਹ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਸੀ। ਜਦੋਂ ਪੁਲਿਸ ਨੇ ਅਲੋਕ ਮਿੱਤਲ ਤੋਂ ਸਖ਼ਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਘਟਨਾ ਬਿਆਨ ਕਰ ਦਿੱਤੀ"
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮ ਅਲੋਕ ਮਿੱਤਲ ਨੇ ਹੀ ਆਪਣੀ ਪਤਨੀ ਦੇ ਕਤਲ ਲਈ ਢਾਈ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਜਿਸ ਵਿੱਚ ਇਸ ਨੇ 50 ਹਜ਼ਾਰ ਪਹਿਲਾਂ ਦਿੱਤਾ ਸਨ ਅਤੇ 2 ਲੱਖ ਰੁਪਏ ਕਤਲ ਕਰਨ ਤੋਂ ਬਾਅਦ ਦੇਣੇ ਸਨ।
ਪਹਿਲਾਂ ਵੀ ਰਚੀ ਸੀ ਮਾਰਨ ਦੀ ਸਾਜਿਸ਼
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਲੋਕ ਮਿੱਤਲ ਨੇ ਪਹਿਲਾਂ ਵੀ 2 ਵਾਰ ਆਪਣੀ ਪਤਨੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਅਸਫ਼ਲ ਰਿਹਾ। ਉਕਤ ਮੁਲਜ਼ਮ ਅਲੋਕ ਮਿੱਤਲ ਦੇ ਕਿਸੀ ਹੋਰ ਮਹਿਲਾ ਦੇ ਨਾਲ ਪ੍ਰੇਮ ਸਬੰਧ ਹਨ, ਜਿਸ ਕਾਰਨ ਇਹ ਆਪਣੀ ਪਤਨੀ ਖਤਮ ਕਰਨਾ ਚਾਹੁੰਦਾ ਸੀ ਕਿਉਂਕਿ ਪਤਨੀ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ ਅਤੇ ਦੋਵਾਂ ਵਿੱਚ ਇਸ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ। ਮੁਲਜ਼ਮ ਅਲੋਕ ਮਿੱਤਲ ਦੀ ਪ੍ਰੇਮਿਕਾ ਵਾਰਦਾਤ ਮੌਕੇ ਮੌਜੂਦ ਨਹੀਂ ਸੀ ਪਰ ਉਹ ਵੀ ਇਸ ਸਾਜਿਸ਼ ਵਿੱਚ ਸ਼ਾਮਿਲ ਸੀ। ਅਸੀਂ ਇਸ ਸਬੰਧੀ ਹੋਰ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ।