ਮੋਗਾ: ਜ਼ਿਲ੍ਹ ਦੇ ਪਿੰਡ ਕਪੂਰੇ ਵਿਖੇ ਦੇਰ ਸ਼ਾਮ ਸਵਿਫਟ ਸਵਾਰ ਦੋ ਵਿਅਕਤੀਆਂ ਨੇ ਕਿਸਾਨ ਮਨਜੀਤ ਸਿੰਘ ਦੇ ਘਰ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਮਹਿਲਾ ਗੰਭੀਰ ਜਖ਼ਮੀ ਹੋ ਗਈ, ਜਦਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਖ਼ਮੀ ਮਹਿਲਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸੂਚਨਾ ਮਿਲਣ 'ਤੇ ਮੌਕੇ ਉੱਤੇ ਪੁਲਿਸ ਪਹੁੰਚੀ ਤੇ ਜਾਂਚ ਪੜਤਾਲ ਸ਼ੁਰੂ ਕੀਤੀ।
ਅਣਪਛਾਤਿਆਂ ਨੇ ਫਾਇਰਿੰਗ ਕੀਤੀ
ਉੱਥੇ ਹੀ, ਹਰਮਨਦੀਪ ਕੌਰ ਜਿਸ ਦੀ ਉਮਰ 37 ਸਾਲ ਹੈ, ਨੇ ਦੱਸਿਆ ਕਿ ਉਹ ਘਰ ਵਿੱਚ ਕੰਮ ਕਰ ਰਹੀ ਸੀ, ਤਾਂ ਦੋ ਸਵਿਫਟ ਕਾਰ ਨੌਜਵਾਨ ਆਏ ਅਤੇ ਉਸ ਦੇ ਪਤੀ ਮਨਜੀਤ ਸਿੰਘ ਬਾਰੇ ਪੁੱਛਣ ਲੱਗੇ, ਤਾਂ ਉਸ ਨੇ ਕਿਹਾ ਕਿ ਉਹ ਘਰ ਨਹੀਂ ਹਨ, ਤਾਂ ਉਨ੍ਹਾਂ ਨੂੰ ਦੂਜੇ ਛੋਟੇ ਗੇਟ ਉੱਤੇ ਆਉਣ ਲਈ ਕਿਹਾ। ਜਦੋ ਪੁੱਤਰ ਏਕਮ ਨੇ ਦਰਵਾਜ਼ਾ ਖੋਲ੍ਹਿਆ, ਤਾਂ ਹਮਲਾ ਕਰਨ ਆਏ ਵਿਅਕਤੀਆਂ ਨੂੰ ਪਿਸਤੌਲ ਕੱਢਦੇ ਹੋਏ ਬੇਟੇ ਨੇ ਹੀ ਦੇਖ ਲਿਆ, ਤਾਂ ਉਸ ਨੇ ਆਪਣੇ ਪਿਤਾ ਨੇ ਪਿੱਛੇ ਕਰ ਦਿੱਤਾ ਅਤੇ ਅਸੀਂ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵਲੋਂ ਬਾਹਰੋਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ।
ਫਾਇਰਿੰਗ ਕਰਨ ਵਾਲੇ ਦੋਨੋਂ ਵਿਅਕਤੀ ਅਣਪਛਾਤੇ ਸਨ। ਮੇਰੇ ਪਤੀ ਛੋਟੇ ਗੇਟ ਕੋਲ ਹੀ ਫੋਨ ਸੁਣ ਰਹੇ ਸੀ। ਜਦੋਂ ਮੇਰੇ ਪੁੱਤਰ ਨੇ ਦਰਵਾਜ਼ਾ ਖੋਲ੍ਹਿਆ, ਤਾਂ ਉਨ੍ਹਾਂ ਵਲੋਂ ਫਾਇਰਿੰਗ ਕਰ ਦਿੱਤੀ। ਗੇਟ ਦੇ ਬਾਹਰੋਂ ਵੀ ਅੰਦਰ ਗੋਲੀਆਂ ਚਲਾਈਆਂ ਗਈਆਂ, ਜੋ ਕਿ ਮੇਰੀ ਲੱਤ ਵਿੱਚ ਲੱਗ ਗਈ। ਇੱਕ ਹੋਰ ਗੋਲੀ ਸਾਡੇ ਕੋਲੇ ਕੰਮ ਕਰਦੇ 30 ਸਾਲ ਦੇ ਵਿਅਕਤੀ ਸੀਰੀ ਰਾਜ ਕੁਮਾਰ ਦੇ ਲੱਗੀ ਅਤੇ ਉਹ ਜ਼ਮੀਨ ਉੱਤੇ ਡਿੱਗ ਗਿਆ। ਮੇਰੇ ਪਤੀ ਤੇ ਬਾਕੀ ਬੱਚਿਆਂ ਦਾ ਬਚਾਅ ਹੋ ਗਿਆ। - ਹਰਮਨਦੀਪ ਕੌਰ, ਜਖ਼ਮੀ ਔਰਤ
ਜਖ਼ਮੀ ਮਹਿਲਾ ਨੇ ਦੱਸਿਆ ਕਿ ਹਮਲਾਵਰ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਪਿੰਡ ਵਿੱਚ ਰੰਜਿਸ਼ ਤਾਂ ਹੈ, ਪਰ ਇਹ ਕਿਉ ਤੇ ਕੌਣ ਸਨ, ਜੋ ਗੋਲੀਆਂ ਚਲਾਉਣ ਆਏ। ਉਸ ਨੇ ਮੰਗ ਕੀਤੀ ਕਿ ਪੁਲਿਸ ਇਸ ਉੱਤੇ ਜਲਦ ਐਕਸ਼ਨ ਲਵੇ।
ਇੱਕ ਵਿਅਕਤੀ ਦੀ ਮੌਤ, ਮਾਮਲੇ ਦੀ ਜਾਂਚ ਜਾਰੀ
ਜਾਣਕਾਰੀ ਦਿੰਦੇ ਹੋਏ ਡੀਐਸਪੀ ਡੀ ਲਵਦੀਪ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ (ਬੁੱਧਵਾਰ) ਸਵਿਫਟ ਕਾਰ ਉੱਤੇ ਅਣਪਛਾਤੇ ਵਿਅਕਤੀ ਆਏ ਅਤੇ ਕਿਸਾਨ ਦੇ ਘਰ ਦਾਖਲ ਹੋ ਕੇ ਗੋਲੀਆਂ ਚਲਾਈਆਂ ਗਈਆਂ। ਇੱਕ ਗੋਲੀ ਉਨ੍ਹਾਂ ਕੋਲ ਕੰਮ ਕਰਦੇ ਸੀਰੀ ਦੇ ਪੇਟ ਵਿੱਚ ਲੱਗੀ ਜਿਸ ਦੀ ਮੌਤ ਹੋ ਗਈ ਅਤੇ ਇੱਕ ਗੋਲੀ ਕਿਸਾਨ ਮਨਜੀਤ ਸਿੰਘ ਦੀ ਪਤਨੀ ਦੀ ਲੱਤ ਵਿੱਚ ਲੱਗੀ ਹੈ।
ਡੀਐਸਪੀ ਡੀ ਲਵਦੀਪ ਸਿੰਘ ਨੇ ਦੱਸਿਆ ਕਿ ਸੀਰੀ ਰਾਜ ਕੁਮਾਰ ਦੀ ਮੌਤ ਹੋ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਤੋਂ 6 ਖਾਲੀ ਖੋਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਟੀਮਾਂ ਬਣਾ ਲਈਆਂ ਗਈਆਂ ਹਨ ਤੇ ਤਫਤੀਸ਼ ਕਰਕੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।