ਲੁਧਿਆਣਾ: ਜ਼ਿਲ੍ਹੇ ਦੇ ਗਿੱਲ ਰੋਡ ਸਥਿਤ ਕਲਸੀਆਂ ਵਾਲੀ ਗਲੀ ਦੇ ਅੰਦਰ ਇੱਕ ਸਾਈਕਲ ਪਾਰਟ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 2 ਮਜ਼ਦੂਰ ਜ਼ਿੰਦਾ ਸੜ ਗਏ। ਅੱਗ ਲਗਭਗ 10:30 ਵਜੇ ਦੇ ਕਰੀਬ ਲੱਗੀ ਸੀ, ਜਿਸ ਵੇਲੇ ਮਜ਼ਦੂਰ ਅੰਦਰ ਕੰਮ ਕਰ ਰਹੇ ਸਨ। ਇੱਕ ਮਜ਼ਦੂਰ ਨੂੰ ਤਾਂ ਬਚਾ ਲਿਆ ਗਿਆ ਜਦੋਂ ਕਿ 2 ਅੰਦਰ ਹੀ ਫਸ ਗਏ ਜਿਨ੍ਹਾਂ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਫੈਕਟਰੀ ਦੇ ਵਿੱਚ ਸੀ ਇੱਕ ਨਾਬਾਲਿਗ
ਮੌਕੇ 'ਤੇ ਪਹੁੰਚੇ ਐੱਮਐੱਲਏ ਕੁਲਵੰਤ ਸਿੱਧੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਹਾਦਸੇ ਵਿੱਚ 2 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੀ ਸਰਕਾਰ ਵੱਲੋਂ ਮਦਦ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਫੈਕਟਰੀ ਗੈਰ ਕਾਨੂੰਨੀ ਸੀ ਜਾਂ ਫਿਰ ਇਸ ਵਿੱਚ ਕਿਸੇ ਛੋਟੇ ਬੱਚਿਆਂ ਤੋਂ ਕੰਮ ਕਰਵਾਇਆ ਜਾ ਰਿਹਾ ਸੀ। ਇਸ ਸਬੰਧੀ ਵੀ ਜਾਂਚ ਕੀਤੀ ਜਾਵੇਗੀ ਕਿਉਂਕਿ ਪਤਾ ਲੱਗਾ ਹੈ ਕਿ ਇੱਕ ਨਾਬਾਲਿਗ ਵੀ ਫੈਕਟਰੀ ਦੇ ਵਿੱਚ ਸੀ। ਉਹ ਇਸੇ ਫੈਕਟਰੀ ਵਿੱਚ ਹੀ ਕੰਮ ਕਰਦਾ ਸੀ, ਇਸ ਦੀ ਜਾਂਚ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਚੱਲ ਰਹੀਆਂ ਹੋਰ ਵੀ ਅਜਿਹੀਆਂ ਫੈਕਟਰੀਆਂ ਦੀ ਜਾਂਚ ਹੋਵੇਗੀ।

ਅੱਗ ਵਿੱਚ ਝੁਲਸੇ 2 ਮਜ਼ਦੂਰ
ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਐੱਸਐੱਚਓ ਨੇ ਦੱਸਿਆ ਕਿ ਇਸ ਹਾਦਸੇ ਵਿੱਚ 2 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇੱਕ ਹੋਰ ਜ਼ਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਫੈਕਟਰੀ ਦੇ ਵਿੱਚ ਫਾਇਰ ਸੁਰੱਖਿਆ ਉਪਕਰਨ ਨਹੀਂ ਸਨ। ਇਸ ਸਬੰਧੀ ਵੀ ਅਸੀਂ ਜਾਂਚ ਕਰ ਰਹੇ ਹਾਂ। ਦੂਜੇ ਪਾਸੇ ਫਾਇਰ ਬ੍ਰਿਗੇਡ ਮੁਲਾਜ਼ਮ ਵਿਜੇ ਕੁਮਾਰ ਨੇ ਦੱਸਿਆ ਕਿ ਸਾਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ।