ਲਖਨਊ: ਅਨੁਭਵ ਸਿਨਹਾ ਦੀ ਥ੍ਰਿਲਰ ਫ਼ਿਲਮ 'ਆਰਟੀਕਲ 15' ਮੁਸੀਬਤ 'ਚ ਫ਼ੱਸਦੀ ਨਜ਼ਰ ਆ ਰਹੀ ਹੈ। ਇਹ ਫ਼ਿਲਮ ਕਥਿਤ ਤੌਰ 'ਤੇ ਬਦਾਇਉਂ ਜਬਰ-ਜਿਨਾਹ ਅਤੇ ਹੱਤਿਆ ਨਾਲ ਜੁੜੇ ਮਾਮਲੇ ਨਾਲ ਪ੍ਰੇਰਿਤ ਹੈ। 28 ਜੂਨ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਨੂੰ ਉੱਤਰ ਪ੍ਰਦੇਸ਼ ਦੇ ਬ੍ਰਾਹਮਣ ਭਾਈਚਾਰੇ ਨਾਰਾਜ਼ਗੀ ਝੱਲਣੀ ਪੈ ਰਹੀ ਹੈ। ਇਸ ਫ਼ਿਲਮ ਵਿੱਚ ਆਯੂਸ਼ਮਾਨ ਖ਼ੁਰਾਨਾ ਮੁੱਖ ਭੂਮਿਕਾ 'ਚ ਹਨ। ਫ਼ਿਲਮ ਦੀ ਸ਼ੂਟਿੰਗ ਲਖਨਊ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ 'ਚ ਹੋਈ ਹੈ।
ਬ੍ਰਾਹਮਣ ਭਾਈਚਾਰਾ ਇਸ ਤੱਥ ਤੋਂ ਪਰੇਸ਼ਾਨ ਹੈ ਕਿ ਕਹਾਣੀ ਵਿੱਚ ਮੁਲਜ਼ਮ ਪੁਰਸ਼ਾਂ ਨੂੰ ਬ੍ਰਾਹਮਣ ਦੇ ਰੂਪ 'ਚ ਦਿਖਾਉਣ ਦੇ ਇਰਾਦੇ ਨਾਲ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਦੇ ਨਾਲ ਬ੍ਰਾਹਮਣ ਭਾਈਚਾਰੇ ਦੀ ਬਦਨਾਮੀ ਹੋਵੇਗੀ। ਫ਼ਿਲਮ 'ਚ ਦਰਸਾਇਆ ਗਿਆ ਹੈ ਕਿ ਖ਼ੇਤਰ ਵਿੱਚ ਜਾਤੀਗਤ ਸਮੀਕਰਣ ਕਿੰਨਾਂ ਹਾਵੀ ਹੈ। ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਅਪਰਾਧ ਇੱਕ 'ਮਹੰਤ ਜੀ ਦੇ ਲੜਕੇ' ਵੱਲੋਂ ਕੀਤਾ ਗਿਆ ਹੈ। ਮਹੰਤ ਜੀ ਨੂੰ ਬ੍ਰਾਹਮਣ ਭਾਈਚਾਰੇ ਦੇ ਰਸੂਖ਼ਦਾਰ ਵਿਅਕਤੀ ਵਜੋਂ ਦਰਸਾਇਆ ਗਿਆ, ਜਿਸ 'ਤੇ ਬ੍ਰਾਹਮਣ ਭਾਈਚਾਰਾ ਨਾਰਾਜ਼ ਹੈ।