ਨਵੀਂ ਦਿੱਲੀ: ਖੇਤੀ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ 'ਤੇ ਬੈਠੇ ਕਿਸਾਨਾਂ ਦੀ ਮਦਦ ਲਈ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਜਾਬੀ ਅੱਗੇ ਆਏ ਹਨ। ਕਿਸਾਨ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਨ੍ਹਾਂ ਲਈ ਨੌਜਵਾਨ ਕਿਸਾਨਾਂ ਨੇ ਬੂਟਾਂ ਦੀ ਸੇਵਾ ਕੀਤੀ ਹੈ। ਹੁਣ ਤੱਕ ਟੀਕਰੀ ਬਾਰਡਰ, ਸਿੰਘ ਬਾਰਡਰ 'ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਵੱਲੋਂ 6 ਹਜ਼ਾਰ ਤੋਂ ਵੱਧ ਬੂਟਾਂ ਦੇ ਜੋੜੇ ਵੰਡੇ ਜਾ ਚੁੱਕੇ ਹਨ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਰਵਨੀਤ ਸਿੰਘ ਬਰਾੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਠੰਢ ਦਾ ਕਹਿਰ ਹੋਣ ਕਾਰਨ ਬਜ਼ੁਰਗ ਕਿਸਾਨਾਂ ਨੂੰ ਗਰਮ ਬੂਟ ਵੰਡੇ ਗਏ ਹਨ। ਇਸ ਲਈ ਕਈ ਵਿਦੇਸ਼ੀ ਪੰਜਾਬੀ ਵੀ ਅੱਗੇ ਆਏ ਹਨ ਅਤੇ ਹੁਣ ਤੱਕ ਕਈ ਵਾਰ ਬਾਰਡਰਾਂ 'ਤੇ ਇਹ ਸੇਵਾ ਹੋ ਚੁੱਕੀ ਹੈ।
ਕਿਸਾਨੀ ਸੰਘਰਸ਼ ਬਾਰੇ ਬੋਲਦਿਆਂ ਰਵਨੀਤ ਸਿੰਘ ਬਰਾੜ ਨੇ ਕਿਹਾ ਕਿ ਜੇਕਰ ਇਹ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਕਿਸਾਨਾਂ ਦਾ ਕੋਈ ਭਵਿੱਖ ਨਹੀਂ ਬਚੇਗਾ। ਤਿੰਨ ਮਹੀਨਿਆਂ ਤੋਂ ਚੱਲ ਰਹੇ ਇਸ ਸੰਘਰਸ਼ ਵਿੱਚ ਹੁਣ ਤੱਕ 200 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਬਾਰੇ ਚਰਚਾ ਹੋ ਰਹੀਂ ਹੈ।