ਨਵੀਂ ਦਿੱਲੀ: 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਸਰਸਵਤੀ ਵਿਹਾਰ ਕੇਸ ਵਿੱਚ ਦੋ ਸਰਕਾਰੀ ਗਵਾਹਾਂ ਨੇ ਅੱਜ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ। ਸਪੈਸ਼ਲ ਜੱਜ ਐਮਕੇ ਨਾਗਪਾਲ ਨੇ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ 27 ਅਪ੍ਰੈਲ ਨੂੰ ਕਰਨ ਦਾ ਹੁਕਮ ਦਿੱਤਾ ਹੈ।
ਮੰਗਲਵਾਰ ਨੂੰ ਸੁਣਵਾਈ ਦੌਰਾਨ ਸਰਬਜੀਤ ਸਿੰਘ ਬੇਦੀ ਅਤੇ ਦਲੀਪ ਕੁਮਾਰ ਓਹਰੀ ਨੇ ਆਪਣੇ ਬਿਆਨ ਦਰਜ ਕਰਵਾਏ। ਅਦਾਲਤ ਵਿੱਚ 93 ਸਾਲਾ ਗਵਾਹ ਡੀਕੇ ਅਗਰਵਾਲ ਦੇ ਬਿਆਨ ਦੀ ਸੀਲਬੰਦ ਕਾਪੀ ਪੇਸ਼ ਕੀਤੀ ਗਈ। ਅਗਰਵਾਲ ਦਾ ਬਿਆਨ ਕੜਕੜਡੂਮਾ ਅਦਾਲਤ ਦੇ ਮੈਟਰੋਪੋਲੀਟਨ ਮੈਜਿਸਟ੍ਰੇਟ ਸਾਹਮਣੇ ਦਰਜ ਕੀਤਾ ਗਿਆ ਸੀ। ਅਦਾਲਤ ਨੇ ਬੀਤੀ 29 ਮਾਰਚ ਨੂੰ ਡੀਕੇ ਅਗਰਵਾਲ ਦੀ ਬਿਮਾਰੀ ਅਤੇ ਬੁਢਾਪੇ ਨੂੰ ਦੇਖਦਿਆਂ ਉਨ੍ਹਾਂ ਦੇ ਘਰ ਜਾ ਕੇ ਬਿਆਨ ਦਰਜ ਕਰਨ ਦੇ ਹੁਕਮ ਦਿੱਤੇ ਸਨ।
ਅੱਜ ਸੁਣਵਾਈ ਦੌਰਾਨ ਸੱਜਣ ਕੁਮਾਰ ਅਦਾਲਤ ਵਿੱਚ ਪੇਸ਼ ਹੋਇਆ। SIT ਨੇ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਜਵਾਬ ਦਾਇਰ ਕੀਤਾ। ਇਸ ਤੋਂ ਬਾਅਦ ਅਦਾਲਤ ਨੇ ਸਾਰੀਆਂ ਧਿਰਾਂ ਨੂੰ 20 ਅਪ੍ਰੈਲ ਤੱਕ ਲਿਖਤੀ ਬਹਿਸ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। 29 ਮਾਰਚ ਨੂੰ ਅਦਾਲਤ ਵਿੱਚ ਦੋ ਗਵਾਹਾਂ ਡਾਕਟਰ ਪੁਨੀਤ ਜੈਨ ਅਤੇ ਮਨੋਜ ਸਿੰਘ ਨੇਗੀ ਦੇ ਬਿਆਨ ਦਰਜ ਕੀਤੇ ਗਏ ਸਨ। 23 ਦਸੰਬਰ 2021 ਨੂੰ ਅਦਾਲਤ ਵਿੱਚ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਸੀ। 16 ਦਸੰਬਰ 2021 ਨੂੰ ਸੱਜਣ ਕੁਮਾਰ ਨੇ ਕਿਹਾ ਸੀ ਕਿ ਉਹ ਇਸ ਮਾਮਲੇ 'ਚ ਖੁਦ ਨੂੰ ਬੇਕਸੂਰ ਦੱਸਦੇ ਹੋਏ ਮੁਕੱਦਮੇ ਦਾ ਸਾਹਮਣਾ ਕਰੇਗਾ। ਪਿਛਲੀ 4 ਦਸੰਬਰ ਨੂੰ ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਸੀ।
ਇਹ ਕੇਸ 1 ਨਵੰਬਰ 1984 ਦਾ ਹੈ, ਜਿਸ ਵਿੱਚ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰੁਣ ਦੀਪ ਸਿੰਘ ਦਾ ਰਾਜ ਨਗਰ, ਪੱਛਮੀ ਦਿੱਲੀ ਵਿੱਚ ਕਤਲ ਕਰ ਦਿੱਤਾ ਗਿਆ ਸੀ। ਸ਼ਾਮ 4.30 ਵਜੇ ਦੇ ਕਰੀਬ ਦੰਗਾਕਾਰੀਆਂ ਦੀ ਭੀੜ ਨੇ ਰਾਜ ਨਗਰ ਇਲਾਕੇ 'ਚ ਪੀੜਤ ਦੇ ਘਰ 'ਤੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾਵਾਂ ਦੇ ਅਨੁਸਾਰ, ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ, ਜੋ ਉਸ ਸਮੇਂ ਬਾਹਰੀ ਦਿੱਲੀ ਲੋਕ ਸਭਾ ਸੀਟ ਤੋਂ ਕਾਂਗਰਸ ਦਾ ਸੰਸਦ ਸੀ।
ਸ਼ਿਕਾਇਤ ਅਨੁਸਾਰ ਸੱਜਣ ਕੁਮਾਰ ਨੇ ਭੀੜ ਨੂੰ ਹਮਲਾ ਕਰਨ ਲਈ ਉਕਸਾਇਆ, ਜਿਸ ਤੋਂ ਬਾਅਦ ਭੀੜ ਨੇ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰੁਣ ਦੀਪ ਸਿੰਘ ਨੂੰ ਜ਼ਿੰਦਾ ਸਾੜ ਦਿੱਤਾ। ਭੀੜ ਨੇ ਪੀੜਤਾਂ ਦੇ ਘਰਾਂ ਵਿੱਚ ਭੰਨਤੋੜ, ਲੁੱਟਮਾਰ ਕੀਤੀ ਅਤੇ ਅੱਗ ਲਗਾ ਦਿੱਤੀ। ਤਤਕਾਲੀ ਰੰਗਨਾਥ ਮਿਸ਼ਰਾ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਅੱਗੇ ਸ਼ਿਕਾਇਤਕਰਤਾ ਵੱਲੋਂ ਦਿੱਤੇ ਹਲਫ਼ਨਾਮੇ ਦੇ ਆਧਾਰ 'ਤੇ ਉੱਤਰੀ ਜ਼ਿਲ੍ਹੇ ਦੇ ਸਰਸਵਤੀ ਵਿਹਾਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਐਫਆਈਆਰ ਵਿੱਚ, ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 147,148,149,395,397,302,307, 436 ਅਤੇ 440 ਦੇ ਤਹਿਤ ਦੋਸ਼ ਲਗਾਏ ਗਏ ਸਨ।
ਸ਼ਿਕਾਇਤਕਰਤਾ ਨੇ ਸੱਜਣ ਕੁਮਾਰ ਦੀ ਪਹਿਚਾਣ ਉਦੋਂ ਕੀਤੀ ਜਦੋਂ ਉਸ ਨੇ ਸੱਜਣ ਕੁਮਾਰ ਦੀ ਫੋਟੋ ਦੇਖੀ। ਇਹ ਕੇਸ 1984 ਵਿੱਚ ਬੰਦ ਕਰ ਦਿੱਤਾ ਗਿਆ ਸੀ, ਪਰ ਜਦੋਂ ਐਸਆਈਟੀ ਨੇ ਇਸਨੂੰ ਦੁਬਾਰਾ ਖੋਲ੍ਹਣ ਦਾ ਆਦੇਸ਼ ਦਿੱਤਾ, ਤਾਂ ਰਾਉਸ ਐਵੇਨਿਊ ਕੋਰਟ ਨੇ ਦੋਸ਼ ਤੈਅ ਕਰ ਦਿੱਤੇ। ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕਰਨ ਲਈ ਕਾਫੀ ਤੱਥ ਮੌਜੂਦ ਹਨ।
ਇਹ ਵੀ ਪੜ੍ਹੋ: ਕਾਂਗਰਸ ਲਈ ਵੱਡੀ ਚੁਣੌਤੀ ਬਣੇ ਸਿੱਧੂ ਤੇ ਜਾਖੜ !