ਕੋਲਕਾਤਾ: 'ਦਿ ਕੇਰਲਾ ਸਟੋਰੀ' ਨੂੰ ਲੈ ਕੇ ਚੱਲ ਰਹੇ ਵਿਵਾਦਾਂ ਦਰਮਿਆਨ ਪੱਛਮੀ ਬੰਗਾਲ ਦੀ ਆਉਣ ਵਾਲੀ ਹਿੰਦੀ ਫਿਲਮ 'ਦਿ ਡਾਇਰੀ ਆਫ ਵੈਸਟ ਬੰਗਾਲ' ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਪੱਛਮੀ ਬੰਗਾਲ ਪੁਲਿਸ ਨੇ ਫਿਲਮ ‘ਦਿ ਡਾਇਰੀ ਆਫ ਵੈਸਟ ਬੰਗਾਲ’ ਦੇ ਨਿਰਦੇਸ਼ਕ ਸਨੋਜ ਮਿਸ਼ਰਾ ਨੂੰ ਸੂਬੇ ਦਾ ਅਕਸ ਖਰਾਬ ਕਰਨ ਦੇ ਇਲਜ਼ਾਮ ‘ਚ ਤਲਬ ਕੀਤਾ ਹੈ। ਕੋਲਕਾਤਾ ਪੁਲਸ ਦੇ ਡੀਸੀ (ਉੱਤਰੀ) ਤਰੁਣ ਹਲਦਰ ਨੇ ਕਿਹਾ ਕਿ ਇਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਅਸੀਂ ਐਮਹਰਸਟ ਸਟਰੀਟ ਪੁਲਸ ਸਟੇਸ਼ਨ 'ਚ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਈਪੀਸੀ ਦੀ ਧਾਰਾ 41ਏ ਦੇ ਤਹਿਤ ਨੋਟਿਸ ਦਿੱਤਾ: ਹਾਲਾਂਕਿ ਸਨੋਜ ਮਿਸ਼ਰਾ ਨੇ ਦਾਅਵਾ ਕੀਤਾ ਹੈ ਕਿ ਬੰਗਾਲ ਦਾ ਅਪਮਾਨ ਕਰਨਾ ਉਨ੍ਹਾਂ ਦਾ ਇਰਾਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਵੱਡੀ ਖੋਜ ਤੋਂ ਬਾਅਦ ਸੱਚਾਈ ਨੂੰ ਪੇਸ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਫਿਲਮ ਦਾ ਟ੍ਰੇਲਰ 8 ਅਪ੍ਰੈਲ ਨੂੰ ਰਿਲੀਜ਼ ਹੋਇਆ ਸੀ। ਕੋਲਕਾਤਾ ਪੁਲਿਸ ਹੈੱਡਕੁਆਰਟਰ ਲਾਲਬਾਜ਼ਾਰ ਨੇ ਜਤਿੰਦਰ ਨਰਾਇਣ ਸਿੰਘ ਤਿਆਗੀ ਦੁਆਰਾ ਨਿਰਮਿਤ ਇਸ ਫ਼ਿਲਮ ਰਾਹੀਂ ਪੱਛਮੀ ਬੰਗਾਲ ਦੀ ਅਕਸ ਨੂੰ ਖਰਾਬ ਕਰਨ ਲਈ ਨਿਰਦੇਸ਼ਕ ਸਨੋਜ ਮਿਸ਼ਰਾ ਨੂੰ 30 ਮਈ ਨੂੰ ਪੁੱਛਗਿੱਛ ਲਈ ਆਈਪੀਸੀ ਦੀ ਧਾਰਾ 41ਏ ਦੇ ਤਹਿਤ ਨੋਟਿਸ ਦਿੱਤਾ ਹੈ।
2.5 ਲੱਖ ਦਰਸ਼ਕ ਦੇਖ ਚੁੱਕੇ: ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ, ਪਿਛਲੇ ਕੁਝ ਦਿਨਾਂ ਵਿੱਚ ਇਸ ਨੂੰ ਲਗਭਗ 2.5 ਲੱਖ ਦਰਸ਼ਕ ਦੇਖ ਚੁੱਕੇ ਹਨ। ਟ੍ਰੇਲਰ 'ਚ ਕਿਹਾ ਗਿਆ ਹੈ ਕਿ ਆਜ਼ਾਦੀ ਤੋਂ ਪਹਿਲਾਂ ਪੱਛਮੀ ਬੰਗਾਲ ਭਾਰਤ ਦਾ ਮਾਣ ਸੀ ਪਰ ਮੌਜੂਦਾ ਸਮੇਂ 'ਚ ਤੁਸ਼ਟੀਕਰਨ ਦੀ ਰਾਜਨੀਤੀ ਕਾਰਨ ਬੰਗਾਲ ਸੜ ਰਿਹਾ ਹੈ। ਵੋਟ ਬੈਂਕ ਨੂੰ ਮੁੱਖ ਰੱਖਦਿਆਂ ਘੱਟ ਗਿਣਤੀ ਵਰਗਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਟ੍ਰੇਲਰ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਬੰਗਾਲ ਹੁਣ ਭਾਰਤ ਦਾ ਦੂਜਾ ਕਸ਼ਮੀਰ ਬਣ ਗਿਆ ਹੈ। ਟ੍ਰੇਲਰ 'ਚ ਰੋਹਿੰਗਿਆ ਅਤੇ NRC ਵਰਗੇ ਵਿਵਾਦਿਤ ਵਿਸ਼ਿਆਂ ਨੂੰ ਵੀ ਸਾਹਮਣੇ ਲਿਆਂਦਾ ਗਿਆ ਹੈ।