ਚੇਨਈ: ਤਾਮਿਲਨਾਡੂ ਸਰਕਾਰ ਨੇ ਓਡੀਸ਼ਾ ਤੋਂ ਫਸੇ ਅਤੇ ਜ਼ਖਮੀ ਯਾਤਰੀਆਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਹਨ। ਬਚਾਅ ਅਤੇ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਲਈ ਰਾਜ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਇੱਕ ਉੱਚ ਪੱਧਰੀ ਵਫ਼ਦ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਲਗਭਗ 250 ਯਾਤਰੀ ਭਦਰਕ ਤੋਂ ਇੱਕ ਵਿਸ਼ੇਸ਼ ਰੇਲਗੱਡੀ ਵਿੱਚ ਸਵਾਰ ਹੋਏ ਹਨ ਅਤੇ ਐਤਵਾਰ ਸਵੇਰੇ ਡਾਕਟਰ ਐਮਜੀਆਰ ਚੇਨਈ ਸੈਂਟਰਲ ਸਟੇਸ਼ਨ 'ਤੇ ਪਹੁੰਚਣਗੇ।
ਜ਼ਖਮੀਆਂ ਦੀ ਗਿਣਤੀ ਤੇ ਹੋਰ ਵੇਰਵਿਆਂ ਬਾਰੇ ਜਾਣਕਾਰੀ ਨਹੀਂ : ਚੇਪੌਕ ਦੇ ਇਜਿਲਾਗਾਮ ਵਿਖੇ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਦਾ ਦੌਰਾ ਕਰਨ ਤੋਂ ਬਾਅਦ, ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੰਤਰੀ ਉਧਯਨਿਧੀ ਸਟਾਲਿਨ ਅਤੇ ਐਸਐਸ ਸ਼ਿਵਸ਼ੰਕਰ ਪਹਿਲਾਂ ਹੀ ਮਾਲ ਅਤੇ ਟਰਾਂਸਪੋਰਟ ਵਿਭਾਗਾਂ ਦੇ ਸਕੱਤਰਾਂ ਦੇ ਨਾਲ ਓਡੀਸ਼ਾ ਲਈ ਰਵਾਨਾ ਹੋ ਚੁੱਕੇ ਹਨ। ਸਟਾਲਿਨ ਨੇ ਕਿਹਾ ਕਿ ਸਾਨੂੰ ਅਜੇ ਤੱਕ ਜ਼ਖਮੀਆਂ ਦੀ ਗਿਣਤੀ ਅਤੇ ਹੋਰ ਵੇਰਵਿਆਂ ਬਾਰੇ ਹੋਰ ਜਾਣਕਾਰੀ ਨਹੀਂ ਮਿਲੀ ਹੈ। ਮੈਂ ਉੱਥੇ ਦੀ ਸਰਕਾਰ ਨਾਲ ਬਚਾਅ ਕਾਰਜਾਂ ਦਾ ਤਾਲਮੇਲ ਕਰਨ ਲਈ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸੰਦੀਪ ਮਿੱਤਲ ਦੀ ਅਗਵਾਈ ਵਿੱਚ ਇੱਕ ਬਚਾਅ ਟੀਮ ਭੇਜੀ ਹੈ।
ਤਾਮਿਲਨਾਡੂ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ : ਸਟਾਲਿਨ ਨੇ ਕੰਟਰੋਲ ਰੂਮ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਰਾਤ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਗੱਲ ਕੀਤੀ ਅਤੇ ਬਾਲਾਸੋਰ 'ਚ ਹੋਏ ਰੇਲ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ। ਇਸ ਰੇਲ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੈਂ ਆਪਣੇ ਵੱਲੋਂ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਹੈ। ਤਾਮਿਲਨਾਡੂ ਸਰਕਾਰ ਨੇ ਹੈਲਪਲਾਈਨ ਨੰਬਰ 9445869843, ਟੋਲ ਫ੍ਰੀ ਨੰਬਰ: 1070 ਅਤੇ ਵਟਸਐਪ ਨੰਬਰ: 9445869848 ਸ਼ੁਰੂ ਕੀਤਾ ਹੈ, ਜਿਸ ਰਾਹੀਂ ਲੋਕ ਪ੍ਰਭਾਵਿਤਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਦੇਣ ਦਾ ਐਲਾਨ : ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਅਤੇ ਰੇਲਵੇ ਵੱਲੋਂ ਪਹਿਲਾਂ ਹੀ ਐਲਾਨੀ 2 ਲੱਖ ਰੁਪਏ ਅਤੇ 10-10 ਲੱਖ ਰੁਪਏ ਦੀ ਰਾਹਤ ਰਾਸ਼ੀ ਤੋਂ ਇਲਾਵਾ ਹੋਵੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸੂਬੇ ਦੇ ਹਸਪਤਾਲ ਜ਼ਖਮੀਆਂ ਦੇ ਇਲਾਜ ਲਈ ਪੂਰੀ ਤਰ੍ਹਾਂ ਤਿਆਰ ਹਨ।