ਗਯਾ: ਇਸ ਸਮੇਂ ਦੀ ਸਭ ਤੋਂ ਵੱਡੀ ਖ਼ਬਰ ਬਿਹਾਰ ਦੇ ਗਯਾ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ। ਇੱਥੇ ਆਰਆਰਬੀ ਐਨਟੀਪੀਸੀ (RRB NTPC Result 2022) ਪ੍ਰੀਖਿਆ ਦੇ ਨਤੀਜਿਆਂ ਵਿੱਚ ਕਥਿਤ ਧਾਂਦਲੀ ਦੇ ਆਰੋਪਾਂ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਹੈ। ਇਸੇ ਲੜੀ ਤਹਿਤ ਬੁੱਧਵਾਰ ਨੂੰ ਗਯਾ ਜੰਕਸ਼ਨ (Gaya Junction) 'ਤੇ ਵਿਦਿਆਰਥੀਆਂ ਨੇ ਨਤੀਜਿਆਂ 'ਚ ਗੜਬੜੀ ਦਾ ਆਰੋਪ ਲਗਾਉਂਦੇ ਹੋਏ ਹੰਗਾਮਾ (Students protest in Gaya) ਕਰ ਦਿੱਤਾ। ਹੰਗਾਮੇ ਵਾਲੇ ਵਿਦਿਆਰਥੀਆਂ ਨੇ ਪੁਲਿਸ 'ਤੇ ਪਥਰਾਅ ਕਰਨ ਤੋਂ ਬਾਅਦ ਕਈ ਥਾਵਾਂ 'ਤੇ ਭੰਨਤੋੜ ਕੀਤੀ। ਇਸ ਦੇ ਨਾਲ ਹੀ ਇੱਕ ਟਰੇਨ ਦੀ ਬੋਗੀ ਨੂੰ ਵੀ ਅੱਗ ਲਗਾ ਦਿੱਤੀ ਗਈ।
ਗਯਾ ਜੰਕਸ਼ਨ 'ਤੇ ਰੇਲਵੇ ਟਰੈਕ 'ਤੇ ਭਗਦੜ ਵਰਗਾ ਮਾਹੌਲ ਹੈ। ਗਯਾ ਜੰਕਸ਼ਨ 'ਤੇ ਹੰਗਾਮਾ ਕਰਨ ਤੋਂ ਬਾਅਦ, ਦੰਗਾਕਾਰੀ ਵਿਦਿਆਰਥੀਆਂ ਨੇ ਕਰੀਮਗੰਜ ਨੇੜੇ ਪਹਿਲਾਂ ਤੋਂ ਖੜ੍ਹੀ ਰੇਲ ਗੱਡੀ ਨੂੰ ਨਿਸ਼ਾਨਾ ਬਣਾਇਆ ਅਤੇ ਦੋ ਰੇਲ ਗੱਡੀਆਂ ਅਤੇ ਤਿੰਨ ਇੰਜਣਾਂ ਨੂੰ ਅੱਗ ਲਗਾ ਦਿੱਤੀ। ਇਸ ਅੱਗ 'ਚ ਟਰੇਨ ਦੀ ਬੋਗੀ ਅਤੇ ਇੰਜਣ ਸੜਨ ਲੱਗੇ। ਇਸ ਅੱਗਜ਼ਨੀ ਤੋਂ ਬਾਅਦ ਜ਼ਿਲਾ ਪੁਲਸ ਅਤੇ ਰੇਲਵੇ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਮਾਨ ਸੰਭਾਲ ਲਈ। ਪੁਲਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਰੇਲਵੇ ਦੀ ਜਾਇਦਾਦ ਦਾ ਕਾਫੀ ਨੁਕਸਾਨ ਹੋਇਆ ਹੈ।
ਇਸ ਦੇ ਨਾਲ ਹੀ ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ 3 ਘੰਟੇ ਤੱਕ ਪੱਥਰਬਾਜ਼ੀ ਹੁੰਦੀ ਰਹੀ। ਗੁੱਸੇ ਵਿੱਚ ਆਏ ਵਿਦਿਆਰਥੀਆਂ ਨੂੰ ਰੋਕਣ ਲਈ ਪੁਲੀਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਬਦਮਾਸ਼ਾਂ ਨੂੰ ਰੋਕਣ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਕਈ ਗੋਲੇ ਵੀ ਛੱਡਣੇ ਪਏ। ਇਸ ਦੇ ਨਾਲ ਹੀ ਪੁਲਿਸ ਨੇ ਬਦਮਾਸ਼ਾਂ ਨੂੰ ਖਦੇੜਨ ਲਈ ਤਾਕਤ ਦੀ ਵਰਤੋਂ ਕੀਤੀ। ਫਿਲਹਾਲ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ। ਦੂਜੇ ਪਾਸੇ ਗਯਾ ਦੇ ਐਸਐਸਪੀ ਆਦਿਤਿਆ ਕੁਮਾਰ ਨੇ ਕਿਹਾ ਕਿ ਉਮੀਦਵਾਰਾਂ ਦੀ ਗਿਣਤੀ ਦਸ ਹਜ਼ਾਰ ਤੋਂ ਵੱਧ ਹੈ ਜੋ ਹੰਗਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਦੀ ਸ਼ਨਾਖਤ ਵੀ ਕਰ ਲਈ ਗਈ ਹੈ ਅਤੇ ਉਨ੍ਹਾਂ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:- ਜਿਸ ਘੋੜੇ ਨੂੰ ਪੀਐਮ ਮੋਦੀ ਨੇ ਥਪਥਪਾਇਆ, ਜਾਣੋ ਉਸ ਦੀ ਖ਼ਾਸੀਅਤ