ਮੁੰਬਈ: ਏਸ਼ੀਆ ਦੇ ਜ਼ਿਆਦਾਤਰ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਦੇ ਵਿਚਕਾਰ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਕਾਰੋਬਾਰ ਦੀ ਸ਼ੁਰੂਆਤ ਸੁਸਤੀ ਨਾਲ ਹੋਈ ਅਤੇ ਦੋਵੇਂ ਬੈਂਚਮਾਰਕ ਸੂਚਕਾਂਕ ਗਿਰਾਵਟ ਨਾਲ ਖੁੱਲ੍ਹੇ। ਹਾਲਾਂਕਿ ਕੁਝ ਸਮੇਂ ਬਾਅਦ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 126.78 ਅੰਕ ਦੀ ਗਿਰਾਵਟ ਨਾਲ 55,270.75 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ, ਐਨਐਸਈ ਦਾ ਸਟੈਂਡਰਡ ਇੰਡੈਕਸ ਨਿਫਟੀ 36.95 ਅੰਕ ਦੀ ਗਿਰਾਵਟ ਨਾਲ 16,483.90 'ਤੇ ਕਾਰੋਬਾਰ ਕਰ ਰਿਹਾ ਸੀ।
ਹਾਲਾਂਕਿ ਬਾਅਦ 'ਚ ਬਾਜ਼ਾਰ 'ਚ ਸੁਧਾਰ ਹੋਇਆ ਅਤੇ ਸੈਂਸੈਕਸ 56.67 ਚੜ੍ਹ ਕੇ 55,454.20 'ਤੇ ਪਹੁੰਚ ਗਿਆ, ਜਦਕਿ ਨਿਫਟੀ 22.50 ਅੰਕਾਂ ਦੇ ਵਾਧੇ ਨਾਲ 16,543.35 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਕੰਪਨੀਆਂ 'ਚ ਵਿਪਰੋ, ਕੋਟਕ ਮਹਿੰਦਰਾ ਬੈਂਕ, ਰਿਲਾਇੰਸ ਇੰਡਸਟਰੀਜ਼, ਟੇਕ ਮਹਿੰਦਰਾ, ਇੰਫੋਸਿਸ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਦੂਜੇ ਪਾਸੇ ਇੰਡਸਇੰਡ ਬੈਂਕ, ਆਈ.ਟੀ.ਸੀ., ਭਾਰਤੀ ਏਅਰਟੈੱਲ, ਐਕਸਿਸ ਬੈਂਕ ਅਤੇ ਹਿੰਦੁਸਤਾਨ ਯੂਨੀਲੀਵਰ 'ਚ ਤੇਜ਼ੀ ਰਹੀ।
ਹੋਰ ਏਸ਼ੀਆਈ ਬਾਜ਼ਾਰਾਂ ਵਿਚ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਦੇ ਸੂਚਕਾਂਕ ਹੇਠਾਂ ਕਾਰੋਬਾਰ ਕਰ ਰਹੇ ਸਨ, ਜਦੋਂ ਕਿ ਸਿਓਲ ਦਾ ਸੂਚਕਾਂਕ ਉੱਪਰ ਸੀ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ। ਪਿਛਲੇ ਸੈਸ਼ਨ 'ਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਬੁੱਧਵਾਰ ਨੂੰ 629.91 ਅੰਕ ਜਾਂ 1.15 ਫੀਸਦੀ ਦੇ ਵਾਧੇ ਨਾਲ 55,397.53 ਅੰਕ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 180.30 ਅੰਕ ਭਾਵ 1.10 ਫੀਸਦੀ ਦੀ ਤੇਜ਼ੀ ਨਾਲ 16,520.85 'ਤੇ ਬੰਦ ਹੋਇਆ।
ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.66 ਫੀਸਦੀ ਡਿੱਗ ਕੇ 106.22 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਖਰੀਦਦਾਰੀ ਕੀਤੀ। ਉਪਲਬਧ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਵਿਦੇਸ਼ੀ ਨਿਵੇਸ਼ਕਾਂ ਨੇ 1,780.94 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦਦਾਰੀ ਕੀਤੀ।
ਇਹ ਵੀ ਪੜੋ: Gold and silver prices: ਜਾਣੋ, ਪੰਜਾਬ ਵਿੱਚ ਕੀ ਰੇਟ ਵਿਕ ਰਿਹੈ ਸੋਨੇ ਅਤੇ ਚਾਂਦੀ