ਮੁੰਬਈ: ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਪ੍ਰਧਾਨ ਸ਼ਰਦ ਪਵਾਰ ਆਪਣੇ ਭਤੀਜੇ ਅਜੀਤ ਪਵਾਰ ਵਾਂਗ ਭਾਰਤੀ ਜਨਤਾ ਪਾਰਟੀ (BJP) ਨਾਲ ਹੱਥ ਮਿਲਾਉਣ ਦੀ ਗ਼ਲਤੀ ਨਹੀਂ ਕਰਨਗੇ। ਐਨਸੀਪੀ ਆਗੂ ਅਜੀਤ ਪਵਾਰ ਨੇ ਪਿਛਲੇ ਮਹੀਨੇ ਮਹਾਰਾਸ਼ਟਰ ਵਿੱਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿੱਚ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਦੇ ਨਾਲ ਐੱਨਸੀਪੀ ਦੇ ਅੱਠ ਹੋਰ ਵਿਧਾਇਕਾਂ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।
ਰਾਜਨੀਤੀ ਰੇਤ ਦੇ ਕਿਲ੍ਹੇ ਵਾਂਗ ਢਹਿ ਜਾਵੇਗੀ: ਸ਼ਰਦ ਪਵਾਰ ਦੀ ਪਾਰਟੀ ਸ਼ਿਵ ਸੈਨਾ (UBT) ਅਤੇ ਕਾਂਗਰਸ ਦੇ ਨਾਲ ਰਾਜ ਵਿੱਚ ਵਿਰੋਧੀ ਮਹਾਂ ਵਿਕਾਸ ਅਗਾੜੀ ਦਾ ਇੱਕ ਹਿੱਸਾ ਹੈ। ਰਾਉਤ ਨੇ ਸ਼ਿਵ ਸੈਨਾ (UBT) ਦੇ ਮੁਖ ਪੱਤਰ 'ਸਾਮਨਾ' 'ਚ ਆਪਣੇ ਹਫਤਾਵਾਰੀ ਕਾਲਮ 'ਰੋਖਠੋਕ' 'ਚ ਲਿਖਿਆ ਹੈ ਕਿ ਜੇਕਰ ਅਜੀਤ ਪਵਾਰ ਆਪਣੀ ਸਿਆਸੀ ਪਾਰਟੀ ਬਣਾਉਂਦੇ ਹਨ ਅਤੇ ਚੋਣਾਂ ਲੜਦੇ ਹਨ ਤਾਂ ਉਹ ਅਸਲ 'ਚ ਵੱਡੇ ਨੇਤਾ ਬਣ ਸਕਦੇ ਹਨ। ਜੇ ਅਜੀਤ ਪਵਾਰ ਉਹੀ ਕਰਦੇ ਹਨ ਜੋ ਏਕਨਾਥ ਸ਼ਿੰਦੇ ਨੇ ਭਾਜਪਾ ਦੀ ਮਦਦ ਨਾਲ ਕੀਤਾ ਸੀ, ਤਾਂ ਉਨ੍ਹਾਂ ਦੀ ਰਾਜਨੀਤੀ ਰੇਤ ਦੇ ਕਿਲ੍ਹੇ ਵਾਂਗ ਢਹਿ ਜਾਵੇਗੀ।
ਸ਼ਰਦ ਪਵਾਰ ਨਹੀਂ ਕਰਨਗੇ ਇਹ ਗ਼ਲਤੀ: ਸ਼ਿਵ ਸੈਨਾ (ਯੂਬੀਟੀ) ਨੇਤਾ ਨੇ ਇਲਜ਼ਾਮ ਲਾਇਆ ਕਿ ਅਜੀਤ ਪਵਾਰ ਨੇ ਆਪਣੇ ਚਾਚੇ ਦੇ ਬਲ 'ਤੇ ਰਾਜਨੀਤੀ 'ਚ ਮੁਕਾਮ ਹਾਸਿਲ ਕੀਤਾ ਅਤੇ ਹੁਣ ਉਹ ਆਪਣੇ (ਚਾਚਾ) ਦੇ ਸਿਆਸੀ ਕਰੀਅਰ ਨੂੰ ਖ਼ਤਮ ਕਰਨ ਦਾ ਕੰਮ ਕਰ ਰਹੇ ਹਨ। ਰਾਜ ਸਭਾ ਮੈਂਬਰ ਨੇ ਕਿਹਾ ਕਿ ਸ਼ਰਦ ਪਵਾਰ ਨੇ ਅਜੀਤ ਪਵਾਰ ਨਾਲ ਮੁਲਾਕਾਤ ਕਰਕੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸਖ਼ਤ ਸਟੈਂਡ ਲਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸ਼ਰਦ ਪਵਾਰ ਨੂੰ ਲੱਗਦਾ ਹੈ ਕਿ ਮੋਦੀ ਦਾ ਸਮਰਥਨ ਕਰਨਾ ਦਮਨਕਾਰੀ ਤਾਕਤਾਂ ਦਾ ਸਮਰਥਨ ਕਰਨ ਦੇ ਬਰਾਬਰ ਹੈ ਅਤੇ ਉਨ੍ਹਾਂ ਦੀ ਪਾਰਟੀ ਛੱਡਣ ਵਾਲਿਆਂ ਦਾ ਸਿਆਸੀ ਕਰੀਅਰ ਭਵਿੱਖ ਵਿੱਚ ਆਪਣੇ ਆਪ ਹੀ ਖ਼ਤਮ ਹੋ ਜਾਵੇਗਾ। ਸ਼ਰਦ ਪਵਾਰ ਭਾਜਪਾ ਦੇ ਪੱਖ 'ਚ ਜਾਣ ਦੀ ਗ਼ਲਤੀ ਨਹੀਂ ਕਰਨਗੇ। ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਮਾਮਲਾ ਨਹੀਂ ਹੈ, ਸਗੋਂ ਲੋਕਤੰਤਰ ਬਨਾਮ ਤਾਨਾਸ਼ਾਹੀ ਦਾ ਮਾਮਲਾ ਹੈ।
ਸ਼ਰਦ ਪਵਾਰ ਨੇ ਦਾਅਵਾ ਕੀਤਾ ਕਿ ਅਜੀਤ ਪਵਾਰ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਅਤੇ ਫੜ੍ਹਨਵੀਸ ਦੀ ਹਮਾਇਤ ਕਰਨ ਵਾਲੇ ਭਾਜਪਾ ਵਿਧਾਇਕਾਂ ਨੇ ਮਹਿਸੂਸ ਕੀਤਾ ਕਿ ਸ਼ਿੰਦੇ ਹੁਣ ਬੋਝ ਬਣ ਗਏ ਹਨ ਅਤੇ ਉਨ੍ਹਾਂ ਕਾਰਨ ਪਾਰਟੀ (ਭਾਜਪਾ) ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਸ਼ਿੰਦੇ ਦਾ ਇਹ ਦਾਅਵਾ ਕਿ ਉਨ੍ਹਾਂ ਨੂੰ 2024 ਤੋਂ ਬਾਅਦ ਵੀ ਮੁੱਖ ਮੰਤਰੀ ਬਣੇ ਰਹਿਣ ਦਾ ਵਾਅਦਾ ਕੀਤਾ ਗਿਆ ਹੈ, ਸਹੀ ਨਹੀਂ ਹੈ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਅਜੀਤ ਪਵਾਰ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। (ਪੀਟੀਆਈ-ਭਾਸ਼ਾ)