ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਸੰਸਦ ਮੈਂਬਰਾਂ ਨੇ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਜਲਦ ਤੋਂ ਜਲਦ ਸੰਸਦ ਦਾ ਸਰਦ ਰੁੱਤ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ।
ਇਸ ਧਰਨੇ ਪ੍ਰਦਰਸ਼ਨ ਵਿੱਚ ਹਰਿਆਣਾ ਦੇ ਦੀਪਿੰਦਰ ਸਿੰਘ ਹੁੱਡਾ, ਛੱਤੀਸਗੜ੍ਹ ਦੇ ਕੇਟੀਐੱਸ ਤੁਲਸੀ, ਪੰਜਾਬ ਤੋਂ ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ, ਪ੍ਰਨੀਤ ਕੌਰ, ਡਾ. ਅਮਰ ਸਿੰਘ, ਮਨੀਸ਼ ਤਿਵਾਰੀ ਅਤੇ ਬਿਹਾਰ ਦੇ ਮੁਹੰਮਦ ਜਾਵੇਦ ਸ਼ਾਮਲ ਹੋਏ।
ਪੀਊਸ਼ ਗੋਇਲ ਨਹੀਂ ਹੋ ਦੇ ਰਿਹੈ ਮਸਲਾ ਹੱਲ
ਰੋਸ ਪ੍ਰਦਰਸ਼ਨ ਦੌਰਾਨ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਰੇਲ ਮੰਤਰੀ ਪੀਊਸ਼ ਗੋਇਲ ਵੀ ਸ਼ਾਮਲ ਹਨ ਜੋ ਕਿ ਅੰਬਾਨੀ-ਅੰਡਾਬੀ ਦੇ ਕਰੀਬੀ ਹਨ ਅਤੇ ਕਿਸਾਨਾਂ ਦੇ ਨਾਲ ਇਸ ਬੈਠਕ ਵਿੱਚ ਕੇਂਦਰ ਸਰਕਾਰ ਵੱਲੋਂ ਆਉਂਦੇ ਹਨ।
ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਵੀ ਖ਼ਜ਼ਾਨਚੀ ਸਨ ਅਤੇ ਹੁਣ ਉਹ ਜ਼ਿੰਮੇਵਾਰੀ ਪੀਊਸ਼ ਗੋਇਲ ਦੇ ਕੋਲ ਹੈ। ਗੋਇਲ ਕਾਰਪੋਰੇਟਾਂ ਦੇ ਨਜ਼ਦੀਕੀ ਹਨ, ਇਸ ਲਈ ਜਦੋਂ ਤੱਕ ਉਹ ਬੈਠਕ ਵਿੱਚ ਹਨ, ਇਸ ਦਾ ਹੱਲ ਹੋਣਾ ਮੁਸ਼ਕਿਲ ਹੈ।
ਸੰਨੀ ਦਿਓਲ ਨੇ ਆਪਣੀ ਪ੍ਰਸਿੱਧੀ ਕੀਤੀ ਖ਼ਰਾਬ
ਸੰਨੀ ਦਿਓਲ ਬਾਰੇ ਰਵਨੀਤ ਬਿੱਟੂ ਨੇ ਕਿਹਾ ਕਿ ਸੰਨੀ ਦਿਓਲ ਵੀ ਉਨ੍ਹਾਂ ਦਾ ਵੀ ਪਿਛੋਕੜ ਲੁਧਿਆਣਾ ਨਾਲ ਹੀ ਹੈ ਅਤੇ ਸੰਨੀ ਦਿਓਲ ਅਤੇ ਧਰਮਿੰਦਰ ਨੇ ਜੋ ਵੀ ਪ੍ਰਸਿੱਧੀ ਹਾਸਲ ਕੀਤੀ ਸੀ, ਉਹ ਕਿਤੇ ਨਾ ਕਿਤੇ ਉਨ੍ਹਾਂ ਨੇ ਖ਼ਰਾਬ ਕਰ ਲਈ ਹੈ। ਸਾਡੀ ਸਰਕਾਰ ਤੋਂ ਗੁਜ਼ਾਰਿਸ਼ ਹੈ ਕਿ ਜਲਦ ਤੋਂ ਜਲਦ ਸੰਸਦ ਦਾ ਸਰਦ ਰੁੱਤ ਸੈਸ਼ਨ ਬੁਲਾਇਆ ਜਾਵੇ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਤਾਂਕਿ ਕਿਸਾਨ ਵਾਪਸ ਆਪਣੇ ਘਰਾਂ ਨੂੰ ਜਾ ਸਕਣ ਅਤੇ ਸਰਦੀ ਦੀ ਰੁੱਤ ਵਿੱਚ ਸੜਕਾਂ ਉੱਤੇ ਬੈਠੇ ਨਾ ਰਹਿਣ।
ਕੰਗਨਾ ਨੂੰ ਕਿਹਾ ਹਿਮਾਚਲ ਦਾ ਗਲਿਆ ਹੋਇਆ ਸੇਬ
ਕੰਗਨਾ ਰਣੌਤ ਨੂੰ ਹਿਮਾਚਲ ਦਾ ਗਲਿਆ ਹੋਇਆ ਸੇਬ ਕਹਿਣ ਬਾਰੇ ਬਿੱਟੂ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਸਨ, ਪਰ ਕੰਗਨਾ ਪੰਜਾਬ ਦੀਆਂ ਬਜ਼ਰੁਗ ਔਰਤਾਂ ਨੂੰ 100-100 ਰੁਪਏ ਵਿੱਚ ਵਿਕਾਉ ਕਹਿ ਰਹੀ ਸੀ।
ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੀਆਂ ਕੇਂਦਰ ਸਰਕਾਰ ਨਾਲ 5 ਮੀਟਿੰਗਾਂ ਹੋ ਚੁੱਕੀਆਂ ਹਨ ਅਤੇ 6ਵੀਂ ਮੀਟਿੰਗ ਬੁੱਧਵਾਰ ਨੂੰ ਹੋਣੀ ਹੈ।