ਨਵੀਂ ਦਿੱਲੀ: ਦਿੱਲੀ ਦੇ ਪੀਆਈਬੀ ਕਾਰਡ ਧਾਰਕ ਸੁਤੰਤਰ ਪੱਤਰਕਾਰ ਨਰੇਸ਼ ਵਤਸ ਨੇ ਕਨਾਟ ਪਲੇਸ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ 'ਚ ਪੱਤਰਕਾਰ ਵਲੋਂ ਪੰਜਾਬ ਪੁਲਿਸ 'ਤੇ ਉਸ ਨਾਲ ਦੁਰਵਿਵਹਾਰ ਅਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਭਾਰਤ ਸਰਕਾਰ ਦੇ ਸੂਚਨਾ ਵਿਭਾਗ ਤੋਂ ਸੁਤੰਤਰ ਪੱਤਰਕਾਰੀ ਅਧੀਨ ਪੀਆਈਬੀ ਕਾਰਡ ਧਾਰਕ ਵੀ ਹੈ। ਇਸ ਸਬੰਧੀ 323/341/34 ਆਈ.ਪੀ.ਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਨਰੇਸ਼ ਨੇ ਇਲਜ਼ਾਮ ਲਾਇਆ ਕਿ ਉਹ ਹਿੰਦੁਸਤਾਨ ਪੋਸਟ ਦੀ ਸੰਪਾਦਕੀ ਟੀਮ ਦੀ ਤਰਫੋਂ ਦਿੱਲੀ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ ਦੀ ਕਵਰੇਜ ਲਈ ਗਿਆ ਸੀ। ਪਰ ਉੱਥੇ ਉਨ੍ਹਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਅਧਿਕਾਰੀ ਨੇ ਗੇਟ 'ਤੇ ਰੋਕ ਲਿਆ ਅਤੇ ਕਿਹਾ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ। ਉਨ੍ਹਾਂ ਦੱਸਿਆ ਕਿ ਅੰਦਰੋਂ ਬੰਦਾ ਪੁੱਛਣ ਆਇਆ। ਉਸ ਨੇ ਪੁੱਛਿਆ ਤੂੰ ਕੌਣ ਹੈਂ? ਪੱਤਰਕਾਰ ਨਰੇਸ਼ ਵਤਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਪਛਾਣ ਦੱਸੀ ਅਤੇ ਆਪਣਾ PIB ਕਾਰਡ ਵੀ ਦਿਖਾਇਆ। ਇਸ ਦੇ ਬਾਵਜੂਦ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।
ਇਸ ਤੋਂ ਬਾਅਦ ਜਦੋਂ ਅੰਦਰ ਜਾਣ ਲਈ ਤਕਰਾਰ ਹੋਈ ਤਾਂ ਉਸ ਨੂੰ ਉਥੋਂ ਘਸੀਟ ਕੇ ਲੈ ਗਏ ਅਤੇ ਕੁੱਟਮਾਰ ਕੀਤੀ। ਪੱਤਰਕਾਰ ਨੇ ਪੰਜਾਬ ਪੁਲਿਸ ਵਾਲਿਆਂ 'ਤੇ ਕੁੱਟਮਾਰ ਦੇ ਦੋਸ਼ ਲਾਏ ਹਨ। ਇਸ ਮਾਮਲੇ 'ਚ ਪੁਲਿਸ ਨੂੰ ਦਿੱਤੇ ਗਏ ਬਿਆਨ 'ਚ ਉਨ੍ਹਾਂ ਨੇ ਕਿਹਾ ਹੈ ਕਿ ਇਸ ਕਾਰਨ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਹੋਈ ਹੈ।
ਪੱਤਰਕਾਰ ਦਾ ਕਹਿਣਾ ਕਿ ਇਸ ਮਾਮਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਜਾਣੂ ਕਰਵਾਇਆ ਗਿਆ ਸੀ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਕੁੱਟਮਾਰ ਦੀ ਸਾਰੀ ਘਟਨਾ ਹੋਟਲ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦਿੱਲੀ ਪੁਲਿਸ ਮੁਤਾਬਕ ਇਹ ਘਟਨਾ ਉਸ ਨਾਲ 26 ਅਪ੍ਰੈਲ ਨੂੰ ਦੁਪਹਿਰ 12 ਵਜੇ ਦੇ ਕਰੀਬ ਵਾਪਰੀ। ਜਿਸ ਦੀ ਸੂਚਨਾ 29 ਅਪ੍ਰੈਲ ਨੂੰ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ, ਹੁਣ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਾਲਵਾ ਬੈਲਟ 'ਚ ਕੈਂਸਰ ਦਾ ਕਹਿਰ ਜਾਰੀ, ਨਹੀਂ ਥੰਮ੍ਹ ਰਿਹਾ ਮੌਤਾਂ ਦਾ ਸਿਲਸਿਲਾ, ਵੇਖੋ ਈਟੀਵੀ ਭਾਰਤ ਦੀ ਖਾਸ ਰਿਪੋਰਟ