ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਅੱਜ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਈ ਥਾਈਂ ਸਮਾਗਮ ਕਰਵਾਏ ਜਾ ਰਹੇ ਹਨ ਤੇ ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਾਫੀ ਤਾਦਾਦ ਵਿੱਚ ਸੰਗਤ ਗੁਰੂਘਰਾਂ ਵਿੱਚ ਹਾਜ਼ਰੀ ਭਰ ਰਹੀ ਹੈ। ਦੱਸ ਦਈਏ ਕਿ ਸਭ ਤੋਂ ਪਹਿਲਾਂ ਬੀਤੇ 3 ਦਿਨ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਜੀ ਭੋਗ ਪਾਏ ਜਾਣਗੇ। ਇਸ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ
ਉਥੇ ਹੀ ਇਸ ਮਾਹਨ ਦਿਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਲਿਖਿਆ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਇਕਲੌਤੇ ਤੇ ਸੱਚੇ ਗੁਰੂ ਹਨ। ਵਾਹਿਗੁਰੂ ਜੀ ਸਾਰਿਆਂ ‘ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਤੇ ਅਸੀਂ ਸਾਰੇ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦੇ ਬਚਨ ‘ਤੇ ਪਹਿਰਾ ਦਈਏ।’
ਇਹ ਵੀ ਪੜੋ: ਭਾਗਵਤ ਗੀਤਾ ਦਾ ਸੰਦੇਸ਼
ਸਿੱਖ ਇਤਿਹਾਸ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ ਕਿ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਬਚਨਾਂ ਨੂੰ ਪੋਥੀ ਰੂਪ ‘ਚ ਲਿਖਿਆ। ਜਿਸ ਵਕਤ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਵਰਾਜਮਾਨ ਸਨ, ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਇਸ ਪੋਥੀ ਨੂੰ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤਾ। ਆਤਮ ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਇਹਨਾਂ ਅੰਮ੍ਰਿਤ ਬਚਨਾਂ ਦਾ ਪਰਵਾਹ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੱਕ ਨਿਰੰਤਰ ਚਲਦਾ ਰਿਹਾ।
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ ਗੁਰੂ ਸਾਹਿਬਾਨਾਂ ਦੀ ਬਾਣੀ ਹੀ ਨਹੀਂ ਦਰਜ ਸਗੋਂ ਜਾਤ ਪਾਤ ਦਾ ਵਿਤਕਰਾ ਖਤਮ ਕਰਦਿਆਂ 16 ਸਦੀ ਦੇ ਸੰਗੀਤ ਰਾਹੀਂ ਗੁਰੂ ਦੀ ਉਸਤਤ ਗਾਉਣ ਵਾਲੇ 11 ਭੱਟਾਂ ਦੀ ਬਾਣੀ ਨੂੰ ਵੀ ਸਵੀਏ ਦੇ ਰੂਪ ‘ਚ ਦਰਜ ਕਰਵਾਇਆ ਗਿਆ।
ਭਾਈ ਗੁਰਦਾਸ ਜੀ ਗੁਰਮਤਿ ਦੇ ਉੱਘੇ ਵਿਦਵਾਨ ਅਤੇ ਮੁਖ ਪ੍ਰਬੰਧਕਾਂ ਦੇ ਵਿਚੋਂ ਇੱਕ ਸਨ ਰਾਮਸਰ ਸਰੋਵਰ ਦੇ ਰਮਣੀਕ ਕੀਨਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਹੇਠ ਪਾਵਨ ਬੀੜ ਲਿਖਣ ਦੀ ਸੇਵਾ ਨਿਭਾਈ ਬਾਣੀ ਲਿਖਣ ਦਾ ਕਾਰਜ ਮੁਕੰਮਲ ਹੋਣ ਤੋਂ ਬਾਅਦ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ 1661 ਬਿਕਰਮੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ।
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਬਚਲ ਨਗਰ ਹਜੂਰ ਸਾਹਿਬ ਨੰਦੇੜ ਵਿਖੇ ਅਕਤੂਬਰ 1708 ਨੂੰ ਜੋਤੀ ਜੋਤਿ ਸਮਾਉਣ ਦੇ ਸਮੇਂ ਇਸ ਪਾਵਨ ਗ੍ਰੰਥ ਨੂੰ ਮੱਥੇ ਟੇਕ ਕੇ ਤੇ ਇਸ ਗ੍ਰੰਥ ਦੀ ਪਰਿਕਰਮਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਪ ਦਿੱਤਾ। ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਕਿਹਾ :
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ
ਇਹ ਵੀ ਪੜੋ: ਝਾਰਖੰਡ ਦੇ ਆਦਿਵਾਸੀਆਂ ਨੇ ਰਵਾਇਤੀ ਹਥਿਆਰਾਂ ਨਾਲ ਕੀਤਾ ਸੀ ਅੰਗਰੇਜ਼ਾਂ ਦੇ ਨੱਕ 'ਚ ਦਮ