ਹੈਦਰਾਬਾਦ (ਡੈਸਕ): ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਸਿੱਕਾ ਖਾਨ ਅਤੇ ਪਾਕਿਸਤਾਨ ਦੇ ਮੁਹੰਮਦ ਸਿੱਦੀਕੀ, ਭਾਰਤ ਪਾਕਿਸਤਾਨ ਦੀ ਵੰਡ ਵੇਲ੍ਹੇ ਵਿਛੜ ਗਏ ਸਨ। ਦੋਨੋਂ ਭਰਾਵਾਂ ਨੇ 75 ਸਾਲਾਂ ਦੇ ਵਿਛੋੜੇ ਤੋਂ ਬਾਅਦ 2022 ਵਿੱਚ ਆਪਣੇ ਮੁੜ ਮਿਲਣ ਦੀ ਖੁਸ਼ੀ ਦਾ ਅਨੁਭਵ ਕੀਤਾ ਸੀ। ਹਾਲਾਂਕਿ ਸਿੱਕਾ ਦੀ ਖੁਸ਼ੀ ਜ਼ਿਆਦਾ ਦੇਰ ਤੱਕ ਨਹੀਂ ਟਿਕੀ, ਕਿਉਂਕਿ ਤਿੰਨ ਦਿਨ ਪਹਿਲਾਂ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਉਨ੍ਹਾਂ ਦੇ ਪਿੰਡ 'ਚ ਵੱਡੇ ਭਰਾ ਸਿੱਦੀਕੀ ਦੀ ਮੌਤ ਹੋ ਗਈ।
ਪਾਕਿਸਤਾਨ ਰਵਾਨਾ ਹੋਣ ਦੀ ਤਿਆਰੀ ਕਰ ਰਹੇ ਸਿੱਕਾ ਖ਼ਾਨ: ਭਰਾ ਦੇ ਫੌਤ ਹੋ ਜਾਣ ਤੋਂ ਦੁਖੀ ਸਿੱਕਾ ਖ਼ਾਨ ਨੇ ਪਾਕਿਸਤਾਨ ਵਿੱਚ ਸਿੱਦੀਕੀ ਦੇ ਪਰਿਵਾਰ ਨਾਲ ਰਹਿਣ ਲਈ ਵੀਜ਼ਾ ਲਈ ਅਰਜ਼ੀ ਦਿੱਤੀ ਹੋਈ ਹੈ। ਉਸੇ ਸਪਾਂਸਰ ਵੀਜ਼ਾ ਦੀ ਉਨ੍ਹਾਂ ਨੂੰ ਉਡੀਕ ਹੈ, ਤਾਂ ਜੋ ਉਹ ਅਪਣੇ ਭਰਾ ਦੇ ਅੰਤਿਮ ਦਰਸ਼ਨ ਕਰ ਸਕਣ। ਉਨ੍ਹਾਂ ਦਾ ਵਿਛੋੜਾ 1947 ਵਿੱਚ ਵੰਡ ਦੀ ਉਥਲ-ਪੁਥਲ ਦੌਰਾਨ ਹੋਇਆ, ਜਦੋਂ ਛੇ ਸਾਲ ਦੀ ਉਮਰ ਦੇ ਸਿੱਦੀਕੀ ਆਪਣੇ ਪਿਤਾ ਨਾਲ ਪਾਕਿਸਤਾਨ ਵਿੱਚ ਰਹੇ, ਜਦਕਿ ਸਿੱਕਾ, ਪੰਜਾਬ (ਭਾਰਤ) ਵਿੱਚ ਹੀ ਰਹਿ ਗਏ। ਕਾਰਣ ਇਹ ਸੀ ਕਿ ਉਸ ਸਮੇਂ ਉਹ ਆਪਣੀ ਮਾਂ ਨਾਲ ਰਿਸ਼ਤੇਦਾਰਾਂ ਨੂੰ ਮਿਲਣ ਗਏ ਹੋਏ ਸਨ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਸਿੱਕਾ ਦੇ ਪਰਿਵਾਰ ਨੇ ਦੱਸਿਆ ਕਿ ਉਹ ਸਪਾਂਸਰ ਵੀਜ਼ਾ ਦੀ ਉਡੀਕ ਵਿੱਚ ਹਨ। ਸਿੱਕਾ ਨੇ ਗੱਲਬਾਤ ਕਰਦਿਆ ਦੱਸਿਆ ਕਿ-
ਮੈਨੂੰ ਪਾਕਿਸਤਾਨ ਵਲੋਂ ਸਪਾਂਸਰ ਵੀਜ਼ਾ ਦੀ ਉਡੀਕ ਹੈ। ਵੀਜ਼ਾ ਆਉਣ ਮੈਂ ਪਾਕਿਸਤਾਨ ਜਾਣਾ ਚਾਹੁੰਦਾ ਹਾਂ, ਤਾਂ ਜੋ ਅਪਣੇ ਭਰਾ ਦੇ ਆਖਰੀ ਦਰਸ਼ਨ ਕਰ ਸਕਾਂ।
ਪਾਕਿਸਤਾਨ-ਅਧਾਰਿਤ ਸੋਸ਼ਲ ਮੀਡੀਆ ਇੰਨਫਲੂਆਂਸਰ ਨਾਸਿਰ ਢਿੱਲੋਂ ਦੇ ਯਤਨਾਂ ਸਦਕਾ ਉਨ੍ਹਾਂ ਦਾ ਮੁੜ ਮਿਲਾਪ ਸੰਭਵ ਹੋਇਆ ਸੀ। ਜਨਵਰੀ 2022 ਵਿੱਚ, ਸਿੱਕਾ ਨੇ ਆਪਣੇ ਭੈਣ-ਭਰਾਵਾਂ ਨੂੰ ਮਿਲਣ ਲਈ ਪਾਕਿਸਤਾਨੀ ਦੂਤਾਵਾਸ ਤੋਂ ਵੀਜ਼ਾ ਪ੍ਰਾਪਤ ਕੀਤਾ ਸੀ ਤੇ ਫਿਰ ਦੋਵੇਂ ਭਰਾ ਕਰਤਾਰਪੁਰ ਲਾਂਘੇ 'ਤੇ ਮਿਲੇ ਸਨ। ਦੁਖੀ ਸਿੱਕਾ ਨੇ ਵੀਰਵਾਰ ਨੂੰ ਆਪਣੇ ਜੱਦੀ ਪਿੰਡ ਫੂਲੇਵਾਲ 'ਚ ਕਿਹਾ ਕਿ ਮੈਂ ਆਪਣੇ ਭਰਾ ਦੀ ਲੰਬੀ ਉਮਰ ਲਈ ਅਰਦਾਸ ਕਰ ਰਿਹਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਇੰਝ ਰਿਹਾ ਸੀ ਸਿੱਕਾ ਖ਼ਾਨ ਦਾ ਦੌਰਾ: ਸਿੱਕਾ ਨੇ ਸਿੱਦੀਕੀ ਨੂੰ ਮਿਲਣ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਸ ਦੌਰਾਨ ਸਿੱਦੀਕੀ ਨੇ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਸੋਗ ਵੀ ਪ੍ਰਗਟ ਕੀਤਾ ਸੀ। ਸਿੱਕਾ 79 ਸਾਲਾਂ ਦੇ ਹਨ ਤੇ ਉਨ੍ਹਾਂ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ, ਜਦਕਿ ਸਿੱਦੀਕੀ ਦੇ ਤਿੰਨ ਪੁੱਤਰ ਅਤੇ ਦੋ ਧੀਆਂ ਹਨ। ਜਦੋਂ ਦੋਵੇਂ ਮਿਲੇ ਸਨ ਤਾਂ ਦੋਹਾਂ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਸੀ ਅਤੇ ਭਾਵੁਕ ਹੋ ਗਏ ਸਨ।
ਵਿਛੜੇ ਪਰਿਵਾਰਾਂ ਦੇ ਮੇਲ ਕਰਾਉਂਦੇ ਲਾਂਘੇ: ਕਰਤਾਰਪੁਰ ਕਾਰੀਡੋਰ ਪਾਕਿਸਤਾਨ ਦੇ ਨਾਰੋਵਾਲ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਲਈ 4.5 ਕਿਲੋਮੀਟਰ ਦਾ ਰਸਤਾ ਹੈ। ਇਹ ਨਵੰਬਰ 2019 ਵਿੱਚ ਖੋਲ੍ਹਿਆ ਗਿਆ ਸੀ ਜਿਸਨੇ ਵੰਡ ਦੌਰਾਨ ਵੱਖ ਹੋਏ ਕਈ ਪਰਿਵਾਰਾਂ ਲਈ ਇੱਕ ਕੜੀ ਦਾ ਕੰਮ ਕੀਤਾ ਹੈ।
ਸਿੱਕਾ ਪਿਛਲੇ ਸਾਲ ਪਾਕਿਸਤਾਨ ਦੌਰੇ ਲਈ ਸਰਕਾਰ ਦਾ ਸ਼ੁਕਰਗੁਜ਼ਾਰ ਸੀ। ਉਸ ਨੇ ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ, ਜੋ ਆਪਣੇ ਵਿਛੜੇ ਅਜ਼ੀਜ਼ਾਂ ਨੂੰ ਮਿਲਣ ਲਈ ਵੀਜ਼ਾ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਹਨ ਅਤੇ ਵਿਸ਼ਵਾਸ ਕਰਦੇ ਹਨ ਕਿ ਸਰਕਾਰਾਂ ਨੂੰ ਅਜਿਹੇ ਮੁੜ-ਮਿਲਨ ਦੀ ਸਹੂਲਤ ਲਈ ਹੋਰ ਵਧੀਆ ਇੰਤਜਾਮ ਕਰਨੇ ਚਾਹੀਦੇ ਹਨ।