ਮੁੰਬਈ: ਮਹਾਰਾਸ਼ਟਰ ਦੇ ਮੰਤਰੀ ਅਤੇ ਐੱਨਸੀਪੀ ਆਗੂ ਨਵਾਬ ਮਲਿਕ (NCP leader Nawab Malik) ਨੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ (Former Chief Minister Devendra Fadnavis) ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ ਹੈ। ਨਵਾਬ ਮਲਿਕ ਨੇ ਪ੍ਰੈੱਸ ਕਾਨਫਰੰਸ (Press conference) 'ਚ ਕਿਹਾ ਕਿ ਦੇਵੇਂਦਰ ਫੜਨਵੀਸ ਹਜ਼ਾਰਾਂ ਕਰੋੜਾਂ ਦੀ ਫਿਰੌਤੀ 'ਚ ਸ਼ਾਮਿਲ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ ਅੰਡਰਵਰਲਡ ਦੇ ਲੋਕਾਂ ਨੂੰ ਵੱਡੇ ਅਹੁਦਿਆਂ 'ਤੇ ਬਿਠਾਇਆ।
ਮਲਿਕ ਨੇ ਕਿਹਾ, ਦੇਸ਼ ਵਿੱਚ ਪੰਜ ਸਾਲ ਪਹਿਲਾਂ ਨੋਟਬੰਦੀ ਹੋਈ ਸੀ। ਦੇਸ਼ ਵਿੱਚ 2000 ਅਤੇ 500 ਦੇ ਨਕਲੀ ਨੋਟ ਫੜੇ ਜਾਣ ਲੱਗੇ, ਪਰ ਮਹਾਰਾਸ਼ਟਰ ਵਿੱਚ ਇੱਕ ਸਾਲ ਤੋਂ ਨਕਲੀ ਨੋਟਾਂ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ, ਕਿਉਂਕਿ ਦੇਵੇਂਦਰ ਫੜਨਵੀਸ (Devendra Fadnavis) ਦੀ ਸਰਪ੍ਰਸਤੀ ਹੇਠ ਨਕਲੀ ਨੋਟਾਂ ਦਾ ਕੰਮ ਚੱਲ ਰਿਹਾ ਸੀ।
ਉਨ੍ਹਾਂ ਦੱਸਿਆ ਕਿ 8 ਅਕਤੂਬਰ 2017 ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਬੀਕੇਸੀ (ਬਾਂਦਰਾ ਕੁਰਲਾ ਕੰਪਲੈਕਸ) ਵਿੱਚ ਛਾਪਾ ਮਾਰਿਆ ਸੀ, ਜਿਸ ਵਿੱਚ 14.56 ਕਰੋੜ ਰੁਪਏ ਦੇ ਨਕਲੀ ਨੋਟ ਫੜੇ ਗਏ ਸਨ ਪਰ ਜ਼ਬਤ ਵਿੱਚ 8.80 ਲੱਖ ਰੁਪਏ ਦਿਖਾਏ ਗਏ ਸਨ। ਦੇਵੇਂਦਰ ਫੜਨਵੀਸ ਨੇ ਇਸ ਮਾਮਲੇ ਤੋਂ ਪੱਲਾ ਝਾੜ ਲਿਆ। ਨਕਲੀ ਨੋਟ ਚਲਾਉਣ ਵਾਲਿਆਂ ਨੂੰ ਤਤਕਾਲੀ ਸਰਕਾਰ ਦੀ ਸੁਰੱਖਿਆ ਸੀ। ਮਲਿਕ ਨੇ ਕਿਹਾ ਕਿ ਜਾਅਲੀ ਕਰੰਸੀ ਦਾ ਕਾਰੋਬਾਰ ਆਈਐਸਆਈ-ਪਾਕਿਸਤਾਨ-ਦਾਊਦ ਰਾਹੀਂ ਬੰਗਲਾਦੇਸ਼ ਵਿੱਚ ਫੈਲਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਫੜਨਵੀਸ ਦੇ ਐਨਸੀਬੀ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨਾਲ ਚੰਗੇ ਸਬੰਧ ਹਨ, ਇਸ ਲਈ ਉਹ ਉਨ੍ਹਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ। ਨਵਾਬ ਮਲਿਕ ਨੇ ਕਿਹਾ ਕਿ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਦੇਵੇਂਦਰ ਫੜਨਵੀਸ ਨੇ ਅੰਡਰਵਰਲਡ ਦੇ ਕਈ ਲੋਕਾਂ ਨੂੰ ਅਹੁਦਿਆਂ 'ਤੇ ਬਿਠਾਇਆ। ਮਲਿਕ ਨੇ ਪੁੱਛਿਆ, 'ਤੁਸੀਂ ਨਾਗਪੁਰ ਦੇ ਗੁੰਡੇ ਮੁੰਨਾ ਯਾਦਵ ਨੂੰ ਅਹੁਦਾ ਕਿਉਂ ਦਿੱਤਾ? ਫੜਨਵੀਸ ਨੇ ਬੰਗਲਾਦੇਸ਼ੀ ਹੈਦਰ ਆਜ਼ਮ ਨੂੰ ਭਾਰਤੀ ਨਾਗਰਿਕ ਬਣਾਉਣ ਦਾ ਕੰਮ ਕੀਤਾ ਅਤੇ ਉਸ ਨੂੰ ਅਹੁਦਾ ਦਿੱਤਾ। ਮਲਿਕ ਨੇ ਪੁੱਛਿਆ, 'ਤੁਹਾਡੇ ਕਹਿਣ 'ਤੇ ਪੂਰੇ ਮਹਾਰਾਸ਼ਟਰ 'ਚ ਉਗਰਾਹੀ ਦਾ ਕੰਮ ਹੋ ਰਿਹਾ ਸੀ ਜਾਂ ਨਹੀਂ? ਬਿਲਡਰਾਂ ਤੋਂ ਇਹ ਵਸੂਲੀ ਹੋ ਰਹੀ ਸੀ ਜਾਂ ਨਹੀਂ?'
ਇਸ ਸਿਲਸਿਲੇ ਵਿੱਚ ਨਵਾਬ ਮਲਿਕ ਨੇ ਕਿਹਾ, 'ਦੇਵੇਂਦਰ ਫੜਨਵੀਸ, ਦੱਸੇ ਕਿ ਰਿਆਜ਼ ਭਾਟੀ ਕੌਣ ਹੈ? ਉਸ ਨੂੰ ਫਰਜ਼ੀ ਪਾਸਪੋਰਟ ਸਮੇਤ ਫੜਿਆ ਗਿਆ। ਰਿਆਜ਼ ਸਾਰੇ ਪ੍ਰੋਗਰਾਮਾਂ ਵਿੱਚ ਤੁਹਾਡੇ ਨਾਲ ਕਿਉਂ ਨਜ਼ਰ ਆਏ? ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਕਿਵੇਂ ਸ਼ਾਮਿਲ ਹੋਏ? ਰਿਆਜ਼ ਭਾਟੀ ਨੇ ਪ੍ਰਧਾਨ ਮੰਤਰੀ ਨਾਲ ਫੋਟੋ ਖਿਚਵਾਈ। ਉਨ੍ਹਾਂ ਕਿਹਾ, 'ਜਾਅਲੀ ਕਰੰਸੀ ਦੇ ਮਾਮਲੇ ਨੂੰ ਹਲਕਾ ਕਰਨ ਅਤੇ ਹਾਜੀ ਅਰਾਫਾਤ ਦੇ ਭਰਾ ਨੂੰ ਬਚਾਉਣ ਦਾ ਕੰਮ ਫੜਨਵੀਸ ਨੇ ਕੀਤਾ ਹੈ।'
ਇਹ ਵੀ ਪੜ੍ਹੋ: ਸਿੰਘੂ ਬਾਰਡਰ ਉੱਤੇ ਇੱਕ ਹੋਰ ਕਿਸਾਨ ਦੀ ਮੌਤ, ਫਾਹੇ ਨਾਲ ਲਟਕਦੀ ਮਿਲੀ ਲਾਸ਼