ਚੰਡੀਗੜ੍ਹ: ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਜੋ ਲਗਭਗ ਪਿਛਲੇ 34 ਘੰਟਿਆ ਤੋਂ ਬੰਦ ਸੀ, ਉਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਵੀਰਵਾਰ ਰਾਤ ਕਰੀਬ 12 ਵਜੇ ਮੰਡੀ ਜ਼ਿਲ੍ਹੇ ਦੇ ਸਾਤ ਮੀਨ ਨਾਮਕ ਸਥਾਨ ‘ਤੇ ਪਹਾੜਾ ਤੋਂ ਵੱਡੀ ਗਿਣਤੀ ਵਿੱਚ ਪੱਧਰ ਤੇ ਮਲਬਾ ਹਾਈਵੇਅ ‘ਤੇ ਡਿੱਗਣ ਕਾਰਨ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ।
ਕੇ.ਐੱਮ.ਸੀ. ਕੰਪਨੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਪਿਛਲੇ ਦਿਨੀਂ ਹਾਈਵੇ ਨੂੰ ਬਹਾਲ ਕਰਨ ਵਿੱਚ ਰੁੱਝੇ ਹੋਏ ਸਨ, ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲ ਸਕੀ। ਮੌਸਮ ਨੇ ਸਾਥ ਨਹੀਂ ਦਿੱਤਾ ਅਤੇ ਦਿਨ ਭਰ ਮੀਂਹ ਪੈਂਦਾ ਰਿਹਾ।
ਜਿਸ ਕਾਰਨ ਹਾਈਵੇ ਨੂੰ ਬਹਾਲ ਨਹੀਂ ਕੀਤਾ ਜਾ ਸਕਿਆ। ਅੱਜ ਸਵੇਰੇ ਜਿਵੇਂ ਹੀ ਮੌਸਮ ਸਾਫ਼ ਹੋਇਆ, ਹਾਈਵੇ ਨੂੰ ਸਿਰਫ਼ 2 ਘੰਟਿਆਂ ਦੇ ਅੰਦਰ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ। ਇਸ ਦੌਰਾਨ ਪ੍ਰਸ਼ਾਸਨ ਨੇ ਛੋਟੇ ਵਾਹਨਾਂ ਨੂੰ ਹੋਰ ਬਦਲਵੇਂ ਮਾਰਗਾਂ ਰਾਹੀਂ ਭੇਜਿਆ, ਪਰ ਵੱਡੇ ਵਾਹਨ ਹਾਈਵੇਅ 'ਤੇ ਫਸੇ ਰਹੇ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਫੋਰ ਲੇਨ ਦੇ ਨਿਰਮਾਣ ਵਿੱਚ ਲੱਗੇ ਕੇ.ਐੱਮ.ਸੀ. ਕੰਪਨੀ ਦੇ ਸੇਫਟੀ ਇੰਜੀਨੀਅਰ ਕਮਲ ਕੁਮਾਰ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਹਾਈਵੇਅ ਨੂੰ ਬਹਾਲ ਕਰਨ ਵਿੱਚ ਲੰਬਾ ਸਮਾਂ ਲੱਗਿਆ ਸੀ। ਦਰਅਸਲ ਇਸ ਮਾਰਗ ਨੂੰ ਫੋਨਲੇਨ ਕਰਨ ਲਈ ਪਹਾੜਾ ਦੀ ਕਟਾਈ ਚੱਲ ਰਹੀ ਹੈ, ਜਿਸ ਕਰਕੇ ਸੱਤ ਮੀਲ ਦੇ ਨੇੜੇ ਵਾਰ-ਵਾਰ ਪਹਾੜ ਡਿੱਗਣ ਕਾਰਨ ਕਈ ਵਾਰ ਹਾਈਵੇਅ ਬੰਦ ਹੋ ਜਾਦਾ ਹੈ।