ਮੱਧ ਪ੍ਰਦੇਸ਼: ਸ਼ਾਹਡੋਲ ਜ਼ਿਲੇ ਦੇ ਸਿੰਘਪੁਰ ਰੇਲਵੇ ਸਟੇਸ਼ਨ 'ਤੇ ਇਕ ਵੱਡਾ ਰੇਲ ਹਾਦਸਾ ਵਾਪਰਿਆ, ਜਿਸ ਵਿਚ ਇਕ ਲੋਕੋ ਪਾਇਲਟ ਦੀ ਮੌਤ ਹੋ ਗਈ ਅਤੇ 5 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਫਿਲਹਾਲ ਜ਼ਖਮੀਆਂ ਨੂੰ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਹਾਦਸੇ ਤੋਂ ਬਾਅਦ ਕਟਾਣੀ-ਬਿਲਾਸਪੁਰ ਰੇਲ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ, ਜਿਸ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇੰਜਣ ਵਿੱਚ ਫਸੇ ਲੋਕੋ ਪਾਇਲਟ ਨੂੰ ਕਟਰ ਦੀ ਮਦਦ ਨਾਲ ਲੋਹੇ ਦੀਆਂ ਚਾਦਰਾਂ ਕੱਟ ਕੇ ਬਾਹਰ ਕੱਢਿਆ ਗਿਆ, ਹਾਲਾਂਕਿ ਲੋਕੋ ਪਾਇਲਟ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਸਵੇਰੇ ਵਾਪਰਿਆ ਇਹ ਹਾਦਸਾ : ਦਰਅਸਲ, ਇਹ ਘਟਨਾ ਸਵੇਰੇ ਕਰੀਬ 6:45 ਵਜੇ ਵਾਪਰੀ, ਜਿੱਥੇ ਸਿੰਘਪੁਰ ਸਟੇਸ਼ਨ 'ਤੇ ਹੀ ਇੱਕ ਮਾਲ ਗੱਡੀ ਖੜ੍ਹੀ ਸੀ ਜਿਸ 'ਚ 2 ਇੰਜਣ ਲੱਗੇ ਹੋਏ ਸਨ। ਇਸ ਦੌਰਾਨ ਪਿੱਛਿਓਂ ਆ ਰਹੀ ਇੱਕ ਹੋਰ ਮਾਲ ਗੱਡੀ ਨੇ ਸਟੇਸ਼ਨ 'ਤੇ ਖੜ੍ਹੀ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ ਤੇ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਨਾਲ ਦੇ ਟਰੈਕ ਤੋਂ ਲੰਘ ਰਹੀ ਇੱਕ ਹੋਰ ਮਾਲ ਗੱਡੀ ਹੌਲੀ-ਹੌਲੀ ਅੱਗੇ ਵਧ ਰਹੀ ਸੀ, ਜਿਸ ਦੇ ਉੱਪਰ ਕੁਝ ਡੱਬੇ ਡਿੱਗ ਗਏ ਅਤੇ ਪੂਰਾ ਟਰੈਕ ਟੁੱਟ ਗਿਆ।
ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ, ਬਚਾਅ ਕਾਰਜ ਜਾਰੀ: ਦੱਸ ਦੇਈਏ ਕਿ ਇਹ ਘਟਨਾ ਗੰਭੀਰ ਹੈ, ਕਿਉਂਕਿ ਟੱਕਰ ਹੋਣ ਕਾਰਨ ਰੇਲ ਦੇ ਇੰਜਣ ਨੂੰ ਅੱਗ ਲੱਗ ਗਈ ਤੇ ਇਸ ਵਿੱਚ ਮੌਜੂਦ 5 ਤੋਂ 6 ਲੋਕਾਂ ਦੇ ਫਸੇ ਹੋਣ ਦੀ ਜਾਣਕਾਰੀ ਹੈ। ਹਾਲਾਂਕਿ ਬਚਾਅ ਟੀਮ ਨੇ ਮੌਕੇ 'ਤੇ ਪਹੁੰਚ ਕੇ ਕੰਮ ਸ਼ੁਰੂ ਕਰ ਦਿੱਤਾ ਹੈ, 3-4 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਹਾਦਸੇ ਤੋਂ ਬਾਅਦ ਐਂਬੂਲੈਂਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਤਾਇਨਾਤ ਹਨ, ਨਾਲ ਹੀ ਰੇਲਵੇ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।
ਰੇਲਾਂ ਦੀ ਆਵਾਜਾਈ ਠੱਪ: ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਫਿਲਹਾਲ ਸਿੰਘਪੁਰ ਲਾਈਨ ਤੋਂ ਰੇਲ ਗੱਡੀਆਂ ਦੀ ਆਵਾਜਾਈ ਰੁਕ ਗਈ ਹੈ, ਕਿਉਂਕਿ ਕਈ ਡੱਬੇ ਰੇਲਵੇ ਟਰੈਕ ਉੱਤੇ ਡਿੱਗ ਗਏ ਹਨ ਅਤੇ ਪੂਰੀ ਰੇਲਵੇ ਲਾਈਨ 'ਤੇ ਬੋਗੀਆਂ ਪਈਆਂ ਹਨ। ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ। ਰੇਲਵੇ ਲਾਈਨ ਕਦੋਂ ਤੱਕ ਸਾਫ਼ ਹੋ ਜਾਵੇਗੀ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ: Atiq Ahmed Murder Case: ਪ੍ਰਤਾਪਗੜ੍ਹ ਜੇਲ੍ਹ 'ਚ ਤਿੰਨਾਂ ਸ਼ੂਟਰਾਂ ਤੋਂ SIT ਕਰ ਸਕਦੀ ਹੈ ਪੁੱਛਗਿੱਛ