ਸ਼੍ਰੀਨਗਰ: ਜੰਮੂ-ਕਸ਼ਮੀਰ 'ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ ਇਕ ਹਾਈਬ੍ਰਿਡ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਬਾਂਦੀਪੋਰਾ ਦੇ ਨਦੀਹਾਲ ਇਲਾਕੇ ਤੋਂ ਹੋਈ ਹੈ। ਅੱਤਵਾਦੀ ਦੇ ਫੜੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਉਸ ਦੇ ਟਿਕਾਣੇ ਨੂੰ ਧਮਾਕੇ ਨਾਲ ਤਬਾਹ ਕਰ ਦਿੱਤਾ ਅਤੇ ਇਸ ਦੀ ਵੀਡੀਓ ਫੁਟੇਜ ਜਾਰੀ ਕੀਤੀ ਗਈ ਹੈ। ਇਹ ਆਪਰੇਸ਼ਨ ਜੰਮੂ ਅਤੇ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੇ ਤਹਿਤ ਕੀਤਾ ਗਿਆ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਇਕ ਖਾਸ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਇਸ ਕਾਰਵਾਈ 'ਚ ਬਾਂਦੀਪੋਰਾ ਦੇ ਪਚਨ 'ਚ ਲਸ਼ਕਰ-ਏ-ਤੋਇਬਾ ਦਾ ਇਕ ਹਾਈਬ੍ਰਿਡ ਅੱਤਵਾਦੀ ਫੜਿਆ ਗਿਆ। ਇਸ ਆਪਰੇਸ਼ਨ ਵਿੱਚ ਬਾਂਦੀਪੋਰਾ ਪੁਲਿਸ, 14 ਰਾਸ਼ਟਰੀ ਰਾਈਫਲਜ਼ ਅਤੇ ਸੀਆਰਪੀਐਫ ਦੀ ਤੀਜੀ ਬਟਾਲੀਅਨ ਸ਼ਾਮਲ ਸੀ। ਗ੍ਰਿਫਤਾਰ ਅੱਤਵਾਦੀ ਦੀ ਪਛਾਣ ਮਹਿਬੂਬ-ਉਲ-ਇਨਾਮ ਉਰਫ਼ ਫਰਹਾਨ ਵਜੋਂ ਹੋਈ ਹੈ, ਜੋ ਕਿ ਇਨਾਮ-ਉਲ-ਹੱਕ ਸ਼ਾਹ, ਵਾਸੀ ਨਦੀਹਾਲ, ਬਾਂਦੀਪੋਰਾ ਦਾ ਪੁੱਤਰ ਦੱਸਿਆ ਜਾਂਦਾ ਹੈ। ਮੁਲਜ਼ਮ ਨੇ ਆਪਣੀ ਸਕੂਟੀ ਅੰਦਰ ਚੀਨੀ ਗ੍ਰੇਨੇਡ ਵੀ ਲੁਕਾ ਲਿਆ ਸੀ।
ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਲਸ਼ਕਰ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਦੇ ਇਸ਼ਾਰੇ 'ਤੇ ਨਦੀਹਾਲ ਬਾਜ਼ਾਰ 'ਚ ਉਸ ਦੀ ਦੁਕਾਨ 'ਚ ਲੁਕਣ ਦਾ ਟਿਕਾਣਾ ਬਣਾਇਆ ਹੋਇਆ ਸੀ, ਜਿੱਥੇ ਲਸ਼ਕਰ ਦੇ ਮਾਰੇ ਗਏ ਅੱਤਵਾਦੀ ਹੈਦਰ ਉਰਫ ਅਬੂ ਮੁਸਲਿਮ, ਅਬੂ ਇਸਮਾਈਲ ਉਰਫ ਫੈਸਲ, ਅਬੂ ਹਮਜ਼ਾ ਉਰਫ ਓਕਾਸਾ, ਗੁਲਜ਼ਾਰ ਉਰਫ ਗੁਲਜ਼ਾਰ ਫੈਜ਼ਾਨ ਆਉਂਦੇ ਸਨ ਅਤੇ ਛੁਪ ਕੇ ਰਹਿੰਦੇ ਹਨ। ਉਸ ਨੇ ਇਹ ਵੀ ਮੰਨਿਆ ਹੈ ਕਿ ਉਹ ਹਥਿਆਰ, ਗੋਲਾ ਬਾਰੂਦ ਅਤੇ ਆਈਈਡੀ ਸਮੱਗਰੀ ਨੂੰ ਛੁਪਾ ਕੇ ਰੱਖਦੇ ਸਨ।
ਪੁਲਿਸ ਅਨੁਸਾਰ ਅੱਤਵਾਦੀਆਂ ਦੇ ਛੁਪਣਗਾਹ ਤੋਂ ਬਰਾਮਦ ਕੀਤੇ ਗਏ ਹਥਿਆਰ ਅਤੇ ਗੋਲਾ ਬਾਰੂਦ ਵਿੱਚ 3 ਏਕੇ-47 ਰਾਈਫਲਾਂ, 10 ਏਕੇ-47 ਮੈਗਜ਼ੀਨ, 380 ਏਕੇ-47 ਜ਼ਿੰਦਾ ਕਾਰਤੂਸ, 2 ਕਿਲੋ ਆਈਈਡੀ, 01 ਚੀਨੀ ਗ੍ਰਨੇਡ ਅਤੇ ਹੋਰ ਹਥਿਆਰ ਸ਼ਾਮਲ ਹਨ।
ਇਹ ਵੀ ਪੜ੍ਹੋ: ਆਂਧਰਾ ਪ੍ਰਦੇਸ਼ ਦੇ ਸੱਤਿਆ ਸਾਈਂ ਜ਼ਿਲ੍ਹੇ ਵਿੱਚ ਵੱਡਾ ਹਾਦਸਾ, 5 ਲੋਕ ਜ਼ਿੰਦਾ ਸੜੇ