ਮੁੰਬਈ: ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਦੋ ਬਾਲਗਾਂ ਦੇ ਰਿਸ਼ਤੇ ਵਿੱਚ ਖਟਾਸ ਪੈਦਾ ਹੋ ਜਾਣ ਜਾਂ ਰਿਸ਼ਤਾ ਵਿਆਹ ਤੱਕ ਨਾ ਪਹੁੰਚਣ ਕਾਰਨ ਕਿਸੇ 'ਤੇ ਵੀ ਬਲਾਤਕਾਰ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ। ਜਸਟਿਸ ਭਾਰਤੀ ਡਾਂਗਰੇ ਨੇ 24 ਮਾਰਚ ਨੂੰ ਦਿੱਤੇ ਆਪਣੇ ਫੈਸਲੇ ਵਿੱਚ ਬਲਾਤਕਾਰ ਦੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸਾਲ 2016 'ਚ ਇਕ ਔਰਤ ਨੇ ਉਪਨਗਰ ਵਰਸੋਵਾ ਪੁਲਸ ਸਟੇਸ਼ਨ 'ਚ ਪੁਰਸ਼ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ।
ਇਸ ਮਾਮਲੇ ਦੇ ਫੈਸਲੇ ਦੀ ਕਾਪੀ ਇਸ ਹਫ਼ਤੇ ਉਪਲਬਧ ਹੋ ਪਾਈ ਸੀ। ਅਦਾਲਤ ਨੇ ਦੇਖਿਆ ਹੈ ਕਿ ਅਜਿਹੀ ਸਥਿਤੀ ਵਿੱਚ ਜਿੱਥੇ ਦੋ ਬਾਲਗ ਇਕੱਠੇ ਹੁੰਦੇ ਹਨ ਅਤੇ ਇੱਕ ਰਿਸ਼ਤੇ ਵਿੱਚ ਆਉਦੇ ਹਨ ਤਾਂ ਕਿਸੇ ਨੂੰ ਇਸ ਲਈ ਬਲਾਤਕਾਰ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿ ਕਿਸੇ ਸਮੇਂ ਦੋਨਾਂ ਦਾ ਰਿਸ਼ਤਾ ਠੀਕ ਨਹੀਂ ਚਲਿਆ ਜਾਂ ਕਿਸੇ ਕਾਰਨ ਇਹ ਰਿਸ਼ਤਾ ਵਿਆਹ ਤੱਕ ਨਹੀ ਪਹੁੰਚਿਆ। ਔਰਤ (26) ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਸੀ ਕਿ ਉਹ ਸੋਸ਼ਲ ਮੀਡੀਆ ਰਾਹੀਂ ਵਿਅਕਤੀ ਨੂੰ ਮਿਲੀ ਸੀ ਅਤੇ ਉਸ ਵਿਅਕਤੀ ਨੇ ਵਿਆਹ ਦਾ ਝੂਠਾ ਵਾਅਦਾ ਕਰਕੇ ਉਸ ਨਾਲ ਸਰੀਰਕ ਸਬੰਧ ਬਣਾਏ ਸਨ।
ਬਾਅਦ ਵਿੱਚ ਵਿਅਕਤੀ ਨੇ ਬੇਕਸੂਰ ਹੋਣ ਦੀ ਦਲੀਲ ਦਿੰਦੇ ਹੋਏ ਮਾਮਲੇ ਵਿੱਚ ਬਰੀ ਹੋਣ ਲਈ ਅਦਾਲਤ ਵਿੱਚ ਪਹੁੰਚ ਕੀਤੀ। ਪਟੀਸ਼ਨਕਰਤਾ ਦੀ ਦਲੀਲ ਨੂੰ ਸਵੀਕਾਰ ਕਰਦਿਆਂ ਜੱਜ ਨੇ ਇਸ ਤੱਥ ਦਾ ਨੋਟਿਸ ਲਿਆ ਕਿ ਦੋਵੇਂ ਅੱਠ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਜਸਟਿਸ ਡਾਂਗਰੇ ਨੇ ਕਿਹਾ ਕਿ ਸਿਰਫ਼ ਇਸ ਲਈ ਕਿ ਰਿਸ਼ਤਾ ਖ਼ਰਾਬ ਹੋ ਗਿਆ ਸੀ, ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਹਰ ਮੌਕੇ 'ਤੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਸਰੀਰਕ ਸਬੰਧ ਬਣਾਏ ਗਏ ਸਨ।
ਫੈਸਲੇ ਵਿੱਚ ਕਿਹਾ ਗਿਆ ਕਿ ਸ਼ਿਕਾਇਤਕਰਤਾ ਦੇ ਆਪਣੇ ਬਿਆਨ ਅਨੁਸਾਰ, ਉਸਨੇ ਨਾ ਸਿਰਫ ਵਿਆਹ ਲਈ ਸਰੀਰਕ ਸੰਬੰਧ ਬਣਾਉਣ ਲਈ ਸਹਿਮਤੀ ਦਿੱਤੀ ਸੀ ਸਗੋਂ ਇਸ ਲਈ ਵੀ ਸਹਿਮਤੀ ਦਿੱਤੀ ਸੀ ਕਿਉਂਕਿ ਉਹ ਉਸ ਵਿਅਕਤੀ ਨਾਲ ਪਿਆਰ ਕਰਦੀ ਸੀ।
ਹੇਠਲੀ ਅਦਾਲਤ ਨੇ ਡਿਸਚਾਰਜ ਕਰਨ ਤੋਂ ਕਰ ਦਿੱਤਾ ਇਨਕਾਰ: ਔਰਤ ਦੀ ਸ਼ਿਕਾਇਤ ਤੋਂ ਬਾਅਦ ਲੜਕੇ ਨੂੰ ਆਈਪੀਸੀ ਦੀ ਧਾਰਾ 376, 323 ਦੇ ਤਹਿਤ ਦੋਸ਼ੀ ਬਣਾਇਆ ਗਿਆ ਸੀ। ਹੇਠਲੀ ਅਦਾਲਤ ਨੇ ਸਾਲ 2019 ਵਿੱਚ ਲੜਕੇ ਨੂੰ ਡਿਸਚਾਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਦਿੰਦੋਸ਼ੀ ਸੈਸ਼ਨ ਕੋਰਟ ਨੇ ਆਪਣੇ ਹੁਕਮ 'ਚ ਕਿਹਾ ਸੀ ਕਿ ਇਹ ਮਾਮਲਾ ਸਹਿਮਤੀ ਵਾਲਾ ਨਹੀਂ ਸੀ। ਕਿਉਂਕਿ ਸ਼ਿਕਾਇਤਕਰਤਾ ਅਨੁਸਾਰ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਗਏ ਸੀ। ਹਾਈਕੋਰਟ ਨੇ ਹਾਲਾਂਕਿ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਵਿਆਹ ਦੇ ਵਾਅਦੇ ਦੇ ਆਧਾਰ 'ਤੇ ਸਰੀਰਕ ਸਬੰਧ ਨਹੀਂ ਬਣਾਏ ਗਏ ਸਨ, ਔਰਤ ਦੋਸ਼ੀ ਨਾਲ ਪਿਆਰ ਕਰਦੀ ਸੀ।