ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਖਾਲਿਸਤਾਨੀ ਸਮਰਥਕ ਸੁਖਮੀਤ ਪਾਲ ਸਿੰਘ ਉਰਫ ਸੁਖ ਭਿਖਾਰੀਵਾਲ ਨੂੰ 7 ਜਨਵਰੀ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਡਿਊਟੀ ਮੈਜਿਸਟਰੇਟ ਹਿਮਾਂਸ਼ੂ ਸਾਹਲੋਤ ਨੇ ਕਿਹਾ ਕਿ ਭਿਖਾਰੀਵਾਲ ’ਤੇ ਲੱਗੇ ਦੋਸ਼ਾਂ ਕਾਫ਼ੀ ਗੰਭੀਰ ਹੈ।
31 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ
ਭਿਖਾਰੀਵਾਲ ਨੂੰ ਦਿੱਲੀ ਪੁਲਿਸ ਦੀ ਵਿਸ਼ੇਸ਼ ਸੈੱਲ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਬੀਤੀ 31 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਭਿਖਰੀਵਾਲ ਨੂੰ 31 ਦਸੰਬਰ ਨੂੰ ਦੁਬਈ ਤੋਂ ਭਾਰਤ ਲਿਆਦਾ ਗਿਆ ਸੀ। ਭਿਖਾਰੀਵਾਲ ਦੀ ਵੱਲੋਂ ਪੇਸ਼ ਹੋਏ ਐਡਵੋਕੇਟ ਪ੍ਰਸ਼ਾਂਤ ਪ੍ਰਕਾਸ਼ ਨੇ ਦਿੱਲੀ ਪੁਲਿਸ ਦੀ ਹਿਰਾਸਤ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਪੁਲਿਸ ਨੂੰ ਪੁੱਛਗਿੱਛ ਲਈ ਜਿਆਦਾ ਸਮਾਂ ਨਹੀਂ ਲੱਗੇਗਾ।
ਬਲਵਿੰਦਰ ਸੰਧੂ ਦਾ ਕਤਲ ਕਰਨ ਦੇ ਦੋਸ਼
ਦੱਸ ਦਈਏ ਕਿ ਭਿਖਾਰੀਵਾਲ ਖਿਲਾਫ਼ ਪਾਸਪੋਰਟ ਐਕਟ ਦੇ ਤਹਿਤ ਧੋਖਾਧੜੀ ਅਤੇ ਅਪਰਾਧਿਕ ਸਾਜਿਸ਼ ਰਚਨ ਦੇ ਇਲਜ਼ਾਮ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਭਿਖਾਰੀਵਾਲ ਉੱਤੇ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਮਿਲ ਕੇ ਕਤਲੇਆਮ ਨੂੰ ਅੰਜਾਮ ਦੇਣ ਦਾ ਇਲਜ਼ਾਮ ਲਗਾਇਆ ਹੈ। ਭਿਖਾਰੀਵਾਲ ‘ਤੇ ਪੰਜਾਬ ਦੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸੰਧੂ ਦਾ ਕਤਲ ਕਰਨ ਦਾ ਦੋਸ਼ ਹੈ। ਉਸ ਨੂੰ ਖਾਲਿਸਤਾਨੀ ਨੈਟਵਰਕ ਦਾ ਸਮਰਥਕ ਮੰਨਿਆ ਜਾਂਦਾ ਹੈ। ਦਿੱਲੀ ਪੁਲਿਸ ਦੇ ਅਨੁਸਾਰ, ਭਿਖਾਰੀਵਾਲ ਦਾ ਖਾਲਿਸਤਾਨੀ ਅੱਤਵਾਦੀਆਂ ਨਾਲ ਸੰਪਰਕ ਸੀ। ਦਿੱਲੀ ਪੁਲਿਸ ਨੇ ਕੁੱਝ ਦਿਨ ਪਹਿਲਾਂ 5 ਖਾਲਿਸਤਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਅੱਤਵਾਦੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਭਿਖਾਰੀਵਾਲ ਦੀ ਜਾਣਕਾਰੀ ਮਿਲੀ।