ਚਾਮਰਾਜਨਗਰ (ਕਰਨਾਟਕ): ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ ਵਿੱਚ ਐਤਵਾਰ ਤੜਕੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਅਤੇ ਇੱਕ ਗਿਰੋਹ ਦਰਮਿਆਨ ਹੋਈ ਗੋਲੀਬਾਰੀ ਦੌਰਾਨ ਇੱਕ ਸ਼ੱਕੀ ਸ਼ਿਕਾਰੀ ਦੀ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਮੁਤਾਬਿਕ ਮੌਕੇ ਤੋਂ ਇੱਕ ਬੰਦੂਕ ਅਤੇ ਸਾਂਭਰ ਹਿਰਨ ਦੇ ਕੱਟੇ ਹੋਏ ਹਿੱਸੇ ਬਰਾਮਦ ਕੀਤੇ ਗਏ ਹਨ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਟਾਈਗਰ ਰਿਜ਼ਰਵ ਦੇ ਮਦੂਰ ਰੇਂਜ ਵਿੱਚ ਵਾਪਰੀ।
ਅਧਿਕਾਰੀਆਂ ਨੇ ਦੱਸਿਆ ਕਿ ਅੱਧੀ ਰਾਤ ਦੇ ਆਸ-ਪਾਸ ਇਲਾਕੇ 'ਚ ਗਸ਼ਤ ਕਰ ਰਹੇ ਕਰਮਚਾਰੀਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਅਤੇ ਸ਼ਿਕਾਰ ਵਿਰੋਧੀ ਕੈਂਪ ਦੇ ਕਰਮਚਾਰੀਆਂ ਦੀ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ।
ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਜੰਗਲਾਤ ਕਰਮੀਆਂ ਨੂੰ ਅੱਠ ਤੋਂ ਦਸ ਲੋਕਾਂ ਦਾ ਇੱਕ ਗਿਰੋਹ ਨਜ਼ਰ ਆਇਆ, ਜਿਨ੍ਹਾਂ ਨੇ ਕਥਿਤ ਤੌਰ 'ਤੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਅਧਿਕਾਰੀ ਨੇ ਦੱਸਿਆ ਕਿ ਜਵਾਬੀ ਕਾਰਵਾਈ ਦੌਰਾਨ ਗੋਲੀ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਗਿਰੋਹ ਦੇ ਹੋਰ ਮੈਂਬਰ ਹਨੇਰੇ ਦਾ ਫਾਇਦਾ ਉਠਾ ਕੇ ਉੱਥੋਂ ਭੱਜ ਗਏ। ਉਨ੍ਹਾਂ ਕਿਹਾ ਕਿ ਪੁਲਿਸ ਦੇ ਨਾਲ ਜੰਗਲਾਤ ਅਧਿਕਾਰੀ ਗਰੋਹ ਦੇ ਹੋਰ ਮੈਂਬਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਮੰਦਿਰ ਵਿੱਚ ਪਸ਼ੂਆਂ ਦੇ ਸ਼ਿਕਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਾਧੂ ਚੌਕਸੀ ਵਰਤੀ ਜਾ ਰਹੀ ਹੈ।