ਢਾਕਾ: ਬੰਗਲਾਦੇਸ਼ ਵਿੱਚ ਇਸਕੋਨ ਰਾਧਾਕਾਂਤ ਮੰਦਰ ਵਿੱਚ ਭੰਨਤੋੜ (dhaka iskon radhakanta temple vandalised) ਦੀ ਖ਼ਬਰ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਸਥਿਤ ਇਸਕੋਨ ਰਾਧਾਕਾਂਤ ਮੰਦਰ ਵਿੱਚ ਵੀਰਵਾਰ ਨੂੰ ਭੰਨਤੋੜ ਕੀਤੀ ਗਈ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਮਿਲ ਸਕੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਵੀ ਬੰਗਲਾਦੇਸ਼ ਦੇ ਨੋਆਖਲੀ ਵਿੱਚ ਇਸਕਾਨ ਮੰਦਿਰ ਵਿੱਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਸੀ। ਜਾਣਕਾਰੀ ਮੁਤਾਬਕ ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਚੇਤਨਾ (ਇਸਕੋਨ) ਦੇ ਮੰਦਰ 'ਚ ਭੰਨਤੋੜ ਕਰਨ ਤੋਂ ਇਲਾਵਾ 16 ਅਕਤੂਬਰ ਨੂੰ ਭੀੜ ਵਲੋਂ ਇਕ ਸ਼ਰਧਾਲੂ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਬੰਗਲਾਦੇਸ਼ ਵਿੱਚ ਹੋਈ ਹਿੰਸਾ ਦਾ ਭਾਰਤ ਵਿੱਚ ਵਿਰੋਧ ਹੋਇਆ। ਬੈਂਗਲੁਰੂ ਵਿੱਚ ਬੰਗਲਾਦੇਸ਼ ਹਿੰਸਾ ਦੇ ਵਿਰੋਧ ਵਿੱਚ ‘ਬੰਗਲਾਦੇਸ਼ ਘੱਟ ਗਿਣਤੀਆਂ ਲਈ ਨਿਆਂ’ ਅਤੇ ‘ਬੰਗਲਾਦੇਸ਼ ਵਿੱਚ ਸਾਡੇ ਮੰਦਰ ਦੀ ਰੱਖਿਆ ਕਰੋ’ ਵਾਲੇ ਪੋਸਟਰ ਦੇਖੇ ਗਏ।
ਅਕਤੂਬਰ 2021 ਵਿੱਚ ਬੰਗਲਾਦੇਸ਼ ਵਿੱਚ ਇਸਕੋਨ ਮੰਦਿਰ ਦੀ ਭੰਨਤੋੜ 'ਤੇ ਬੇਂਗਲੁਰੂ ਵਿੱਚ ਇਸਕੋਨ ਦੇ ਪ੍ਰਧਾਨ ਮਧੂ ਪੰਡਿਤ ਦਾਸ ਨੇ ਕਿਹਾ, "ਅਸੀਂ ਬੰਗਲਾਦੇਸ਼ ਵਿੱਚ ਇਸਕਾਨ ਦੇ ਸ਼ਰਧਾਲੂਆਂ, ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ 'ਤੇ ਬਿਨਾਂ ਭੜਕਾਹਟ ਦੇ ਹਮਲਿਆਂ 'ਤੇ ਆਪਣਾ ਦਰਦ ਅਤੇ ਦੁਖ ਪ੍ਰਗਟ ਕਰਦੇ ਹਾਂ। ਅਸੀਂ ਉਨ੍ਹਾਂ ਦੇ ਸਮਰਥਨ ਅਤੇ ਏਕਤਾ ਵਿੱਚ ਖੜ੍ਹੇ ਹਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦੇ ਹਾਂ।"
ਇਹ ਵੀ ਪੜ੍ਹੋ: ਕੇਰਲਾ ਵਿੱਚ ਬੈਂਕ ਕਰਮਚਾਰੀ ਬਣੇ ਕਰਜ਼ ਮੁਕਤੀਦਾਤਾ, ਕਰਜ਼ਦਾਰ ਦਾ ਭਾਰ ਕੀਤਾ ਘੱਟ
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, 13 ਅਕਤੂਬਰ, 2021 ਨੂੰ, ਬੰਗਲਾਦੇਸ਼ ਦੇ ਕੁਮਿਲਾ ਵਿੱਚ ਇੱਕ ਪੂਜਾ ਮੰਡਪ ਵਿੱਚ ਕੁਰਾਨ ਦਾ ਕਥਿਤ ਅਪਮਾਨ ਹੋਇਆ ਸੀ। ਕੁਰਾਨ ਦੇ ਅਪਮਾਨ ਦੇ ਦੋਸ਼ਾਂ ਤੋਂ ਬਾਅਦ ਬੰਗਲਾਦੇਸ਼ ਵਿੱਚ ਫਿਰਕੂ ਤਣਾਅ ਫੈਲ ਗਿਆ, ਜਿਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਹਿੰਸਾ ਦੀਆਂ ਰਿਪੋਰਟਾਂ ਆਈਆਂ।
ਰਿਪੋਰਟਾਂ ਮੁਤਾਬਕ 13 ਅਕਤੂਬਰ 2021 ਨੂੰ ਬੰਗਲਾਦੇਸ਼ ਦੇ ਚਾਂਦਪੁਰ ਦੇ ਹਾਜੀਗੰਜ 'ਚ ਧਾਰਮਿਕ ਸਥਾਨਾਂ 'ਤੇ ਹੋਏ ਹਮਲੇ ਦੌਰਾਨ ਸਥਿਤੀ ਬੇਕਾਬੂ ਹੋ ਗਈ ਸੀ। ਸਥਿਤੀ ਨੂੰ ਕਾਬੂ ਕਰਨ ਲਈ ਬੰਗਲਾਦੇਸ਼ ਦੀ ਪੁਲਿਸ ਨੇ ਗੋਲੀਬਾਰੀ ਕੀਤੀ। ਹਿੰਸਾ ਦੌਰਾਨ ਘੱਟੋ-ਘੱਟ ਚਾਰ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ 15 ਅਕਤੂਬਰ ਨੂੰ ਨੋਆਖਲੀ ਦੇ ਚੌਮੁਹਾਨੀ 'ਚ ਹਿੰਦੂ ਮੰਦਰਾਂ 'ਤੇ ਹੋਏ ਹਮਲੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ।
(ANI)