ਤਿਰੂਪਤੀ: ਆਂਧਰਾ ਪ੍ਰਦੇਸ਼ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੂੰ ਆਪਣੇ 10 ਸਾਲ ਦੇ ਬੇਟੇ ਦੀ ਲਾਸ਼ ਨੂੰ ਮੋਟਰਸਾਈਕਲ 'ਤੇ 90 ਕਿਲੋਮੀਟਰ ਤੱਕ ਲਿਜਾਣ ਲਈ ਮਜਬੂਰ ਹੋਣਾ ਪਿਆ। (man forced to carry dead son on bike) ਦਰਅਸਲ ਤਿਰੂਪਤੀ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਐਂਬੂਲੈਂਸ ਡਰਾਈਵਰ ਨੇ ਉਸ ਤੋਂ ਹੋਰ ਪੈਸੇ ਮੰਗੇ ਸੀ। ਮਜ਼ਬੂਰੀ 'ਚ ਉਹ ਪੁੱਤਰ ਦੀ ਲਾਸ਼ ਨੂੰ ਮੋਟਰਸਾਈਕਲ 'ਤੇ ਹੀ ਲੈ ਕੇ ਚੱਲ ਪਿਆ ਅਤੇ ਮੋਟਰਸਾਈਕਲ 'ਤੇ ਉਹ ਲਾਸ਼ ਨੂੰ ਤਿਰੂਪਤੀ ਤੋਂ 90 ਕਿਲੋਮੀਟਰ ਦੂਰ ਅੰਨਾਮਈਆ ਜ਼ਿਲ੍ਹੇ ਦੇ ਚਿਤਵੇਲ ਲੈ ਗਿਆ।
ਸੋਮਵਾਰ ਰਾਤ ਆਰਯੂਆਈਏ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਇਲਾਜ ਦੌਰਾਨ ਖੇਤੀ ਮਜ਼ਦੂਰ ਦੇ ਪੁੱਤਰ ਜੇਸਵਾ ਦੀ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਐਂਬੂਲੈਂਸ ਡਰਾਈਵਰ ਨੇ ਲਾਸ਼ ਨੂੰ ਹਸਪਤਾਲ ਲਿਜਾਣ ਲਈ 10 ਹਜ਼ਾਰ ਰੁਪਏ ਮੰਗੇ। ਲੜਕੇ ਦੇ ਪਿਤਾ ਪੈਸਿਆਂ ਦੀ ਜ਼ਿਆਦਾ ਮੰਗ ਹੋਣ ਕਾਰਨ ਰਕਮ ਦੇਣ ਤੋਂ ਅਸਮਰੱਥ ਸੀ। ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ, ਅਤੇ ਉਨ੍ਹਾਂ ਨੇ ਲਾਸ਼ ਨੂੰ ਘਰ ਲਿਆਉਣ ਲਈ ਇਕ ਹੋਰ ਐਂਬੂਲੈਂਸ ਦਾ ਪ੍ਰਬੰਧ ਕੀਤਾ। ਦੋਸ਼ ਹੈ ਕਿ ਹਸਪਤਾਲ ਵਿੱਚ ਪਹਿਲੀ ਐਂਬੂਲੈਂਸ ਦੇ ਡਰਾਈਵਰ ਨੇ ਲਾਸ਼ ਨੂੰ ਦੂਜੀ ਐਂਬੂਲੈਂਸ ਵਿੱਚ ਲਿਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਜ਼ਿੱਦ ਕੀਤੀ ਕਿ ਉਹ ਲਾਸ਼ ਆਪਣੀ ਐਂਬੂਲੈਂਸ ਵਿੱਚ ਹੀ ਲੈ ਕੇ ਜਾਵੇਗਾ।
ਐਂਬੂਲੈਂਸ ਚਾਲਕ ਦੇ ਅਣਮਨੁੱਖੀ ਰਵੱਈਏ ਤੋਂ ਨਾਰਾਜ਼ ਪਿਤਾ ਨੇ ਬੱਚੇ ਦੀ ਲਾਸ਼ ਨੂੰ ਮੋਟਰਸਾਈਕਲ 'ਤੇ ਰੱਖ ਲਿਆ। ਇਸ ਘਟਨਾ ਕਾਰਨ ਲੋਕਾਂ ਵਿੱਚ ਰੋਸ ਹੈ। ਲੋਕਾਂ ਨੇ ਦਾਅਵਾ ਕੀਤਾ ਕਿ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਹਸਪਤਾਲ ਦੀ ਐਂਬੂਲੈਂਸ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਬੰਧਕਾਂ ਦੀ ਨਿੱਜੀ ਐਂਬੂਲੈਂਸ ਚਾਲਕਾਂ ਨਾਲ ਮਿਲੀਭੁਗਤ ਹੈ।
ਨਾਇਡੂ ਨੇ ਕੀਤੀ ਨਿੰਦਾ: ਇਸ ਘਟਨਾ ਤੋਂ ਬਾਅਦ ਵਿਰੋਧੀ ਟੀਡੀਪੀ ਅਤੇ ਭਾਜਪਾ ਆਗੂਆਂ ਨੇ ਹਸਪਤਾਲ ਵਿੱਚ ਧਰਨਾ ਦਿੱਤਾ। ਉਹਨਾਂ ਨੇ ਘਟਨਾ ਦੀ ਜਾਂਚ ਲਈ ਹਸਪਤਾਲ ਆਏ ਆਰਡੀਓ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟੀਡੀਪੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, 'ਮੇਰਾ ਦਿਲ ਮਾਸੂਮ ਛੋਟੀ ਜੇਸਾਵਾ ਲਈ ਦੁਖੀ ਹੈ, ਜਿਸ ਦੀ ਤਿਰੂਪਤੀ ਦੇ ਆਰਯੂਆਈਏ ਹਸਪਤਾਲ 'ਚ ਮੌਤ ਹੋਈ। ਉਸ ਦੇ ਪਿਤਾ ਨੇ ਅਧਿਕਾਰੀਆਂ ਤੋਂ ਐਂਬੂਲੈਂਸ ਦਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ, ਜੋ ਕਿ ਨਹੀਂ ਮਿਲੀ। ਮੁਰਦਾਘਰ ਦੀ ਵੈਨ ਪੂਰੀ ਤਰ੍ਹਾਂ ਅਣਗੌਲੀ ਪਈ ਹੋਣ ਕਾਰਨ ਪ੍ਰਾਈਵੇਟ ਐਂਬੂਲੈਂਸ ਨੇ ਬੱਚੇ ਨੂੰ ਅੰਤਿਮ ਸੰਸਕਾਰ ਲਈ ਘਰ ਲਿਜਾਣ ਲਈ ਮਨਾ ਕਰ ਦਿੱਤਾ।'
ਉਹਨਾਂ ਨੇ ਅੱਗੇ ਲਿਖਿਆ, ''ਗਰੀਬੀ ਤੋਂ ਪੀੜਤ ਪਿਤਾ ਕੋਲ ਆਪਣੇ ਬੱਚੇ ਨੂੰ ਮੋਟਰਸਾਈਕਲ 'ਤੇ 90 ਕਿਲੋਮੀਟਰ ਤੱਕ ਲੈ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਇਹ ਦਿਲ ਦਹਿਲਾਉਣ ਵਾਲੀ ਤ੍ਰਾਸਦੀ ਆਂਧਰਾ ਪ੍ਰਦੇਸ਼ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੀ ਸਥਿਤੀ ਨੂੰ ਦਰਸਾਉਂਦੀ ਹੈ, ਜੋ ਕਿ ਵਾਈਐੱਸ ਜਗਨ ਮੋਹਨ ਰੈੱਡੀ ਪ੍ਰਸ਼ਾਸਨ ਦੇ ਅਧੀਨ ਢਹਿ-ਢੇਰੀ ਹੋ ਰਹੀ ਹੈ।
ਇਹ ਵੀ ਪੜ੍ਹੋ : ਵਾਇਰਲ ਵੀਡੀਓ 'ਚ CM ਨੇ ਵਰਤੇ ਪਤੀ ਲਈ ਇਤਰਾਜ਼ਯੋਗ ਸ਼ਬਦ, ਭੱਖਿਆ ਮਾਮਲਾ