ਖਟੀਮਾ/ਉੱਤਰਾਖੰਡ : ਪੰਜਾਬ ਪੁਲਿਸ ਖਾਲਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਅਤੇ ਉਸ ਦੇ ਚਾਰ ਸਾਥੀਆਂ ਦੀ ਭਾਲ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਇਸ ਦੇ ਬਾਵਜੂਦ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੂੰ ਇਹ ਵੀ ਸੂਚਨਾ ਮਿਲੀ ਹੈ ਕਿ ਅੰਮ੍ਰਿਤਪਾਲ ਅਤੇ ਉਸਦੇ ਚਾਰ ਸਾਥੀ ਨੇਪਾਲ ਭੱਜ ਸਕਦੇ ਹਨ। ਅਜਿਹੇ 'ਚ ਉੱਤਰਾਖੰਡ 'ਚ ਨੇਪਾਲ ਨਾਲ ਲੱਗਦੇ ਸਰਹੱਦੀ ਇਲਾਕਿਆਂ 'ਚ ਪੁਲਿਸ ਨੇ ਚੈਕਿੰਗ ਵਧਾ ਦਿੱਤੀ ਹੈ। ਅੰਮ੍ਰਿਤਪਾਲ ਅਤੇ ਉਸ ਦੇ ਚਾਰ ਸਾਥੀਆਂ ਦੇ ਪੋਸਟਰ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚ ਵੱਖ-ਵੱਖ ਥਾਵਾਂ ’ਤੇ ਲਾਏ ਗਏ ਹਨ।
ਉੱਤਰਾਖੰਡ ਪੁਲਿਸ ਵੱਲੋਂ ਹਾਈ ਅਲਰਟ ਜਾਰੀ : ਪੰਜਾਬ ਪੁਲਿਸ ਵੱਲੋਂ ਭਗੌੜੇ ਐਲਾਨੇ ਗਏ ਅੰਮ੍ਰਿਤਪਾਲ ਅਤੇ ਉਸ ਦੇ ਚਾਰ ਸਾਥੀਆਂ ਬਾਰੇ ਉਤਰਾਖੰਡ ਪੁਲਿਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਜਿਵੇਂ ਹੀ ਉੱਤਰਾਖੰਡ ਪੁਲਿਸ ਨੂੰ ਸੂਚਨਾ ਮਿਲੀ ਕਿ ਅੰਮ੍ਰਿਤਪਾਲ ਆਪਣੇ ਸਾਥੀਆਂ ਸਮੇਤ ਨੇਪਾਲ ਭੱਜਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਨੇਪਾਲ ਸਰਹੱਦ 'ਤੇ ਚੈਕਿੰਗ ਵਧਾ ਦਿੱਤੀ ਗਈ। ਉੱਤਰਾਖੰਡ ਦੇ ਊਧਮ ਸਿੰਘ ਨਗਰ ਅਤੇ ਚੰਪਾਵਤ ਜ਼ਿਲ੍ਹੇ ਦੀ ਨੇਪਾਲ ਦੀ ਸਰਹੱਦ ਹੈ। ਅਜਿਹੇ 'ਚ ਉੱਤਰਾਖੰਡ ਪੁਲਿਸ ਨੇਪਾਲ ਸਰਹੱਦੀ ਖੇਤਰ 'ਚ ਖਾਸ ਸਾਵਧਾਨੀ ਵਰਤ ਰਹੀ ਹੈ। ਹੋਟਲਾਂ ਅਤੇ ਗੈਸਟ ਹਾਊਸਾਂ ਤੋਂ ਇਲਾਵਾ ਸਾਰੀਆਂ ਜਨਤਕ ਥਾਵਾਂ 'ਤੇ ਅੰਮ੍ਰਿਤਪਾਲ ਦੀ ਭਾਲ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।
ਨਾਨਕਮੱਤਾ, ਖਟੀਮਾ ਅਤੇ ਝਨਕਈਆ ਥਾਣਾ ਖੇਤਰਾਂ ਵਿੱਚ ਗਸ਼ਤ : ਊਧਮ ਸਿੰਘ ਨਗਰ ਦੇ ਐਸਐਸਪੀ ਆਪਣੀ ਟੀਮ ਨਾਲ ਨੇਪਾਲ ਸਰਹੱਦ ਨਾਲ ਲੱਗਦੇ ਨਾਨਕਮੱਤਾ, ਖਟੀਮਾ ਅਤੇ ਝਨਕਈਆ ਥਾਣਾ ਖੇਤਰਾਂ ਵਿੱਚ ਗਸ਼ਤ ਕਰ ਰਹੇ ਹਨ। ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੇ ਪੋਸਟਰ ਵੀ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਹਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜੇਕਰ ਉਹ ਕੋਈ ਸ਼ੱਕੀ ਵਿਅਕਤੀ ਦੇਖਦੇ ਹਨ ਤਾਂ ਤੁਰੰਤ ਉਸ ਦੀ ਸੂਚਨਾ ਦੇਣ। ਪੁਲਿਸ ਉਨ੍ਹਾਂ ਦੀ ਜਾਣਕਾਰੀ ਨੂੰ ਗੁਪਤ ਰੱਖੇਗੀ। ਇਸ ਤੋਂ ਇਲਾਵਾ ਪੁਲਿਸ ਵਾਲੇ ਪਾਸਿਓਂ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਖਾਲਿਸਤਾਨੀ ਸਮਰਥਕਾਂ ਦੀ ਮਦਦ ਕੀਤੀ ਜਾਂ ਉਨ੍ਹਾਂ ਨੂੰ ਪਨਾਹ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਇਸ ਦੇ ਨਤੀਜੇ ਭੁਗਤਣੇ ਪੈਣਗੇ।
ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਖਾਲਿਸਤਾਨੀ ਸਮਰਥਕ ਅਤੇ 'ਵਾਰਿਸ ਪੰਜਾਬ ਦੇ' ਸੰਗਠਨ ਦੇ ਮੁਖੀ ਅੰਮ੍ਰਿਤਪਾਲ ਖਿਲਾਫ ਲੁੱਕ ਆਊਟ ਨੋਟਿਸ ਅਤੇ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਹੈ। ਸੁਰੱਖਿਆ ਏਜੰਸੀਆਂ ਨੇ ਸਾਰੇ ਹਵਾਈ ਅੱਡਿਆਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਪਿਛਲੇ ਚਾਰ ਦਿਨਾਂ ਤੋਂ ਪੰਜਾਬ ਪੁਲਿਸ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀ ਭਾਲ ਵਿੱਚ ਇਧਰ-ਉਧਰ ਭੱਜ ਰਹੀ ਹੈ, ਪਰ ਉਸ ਦਾ ਕੋਈ ਸੁਰਾਗ ਨਹੀਂ ਲੱਭ ਸਕੀ।
ਇਹ ਵੀ ਪੜ੍ਹੋ: Pardhan Mantri Bajeke : ਜਾਣੋ, ਕੌਣ ਹੈ ਪ੍ਰਧਾਨ ਮੰਤਰੀ ਬਾਜੇਕੇ, ਅੰਮ੍ਰਿਤਪਾਲ ਸਿੰਘ ਨਾਲ ਕਿਵੇਂ ਜੁੜਿਆ ਨਾਤਾ