ਨਵੀਂ ਦਿੱਲੀ: ਰਾਜਧਾਨੀ ਦਿੱਲੀ ’ਚ ਤੇਜ਼ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਦਿੱਲੀ ਅਤੇ ਐਨਸੀਆਰ ਚ ਆਰੇਂਜ ਅਲਰਟ ਜਾਰੀ ਕੀਤਾ ਹੈ। ਮੀਂਹ ਤੋਂ ਬਾਅਦ ਥਾਂ-ਥਾਂ ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫੀ ਸਮੱਸਿਆ ਆ ਰਹੀ ਹੈ। ਮੀਂਹ ਤੋਂ ਬਾਅਦ ਸੜਕ ’ਤੇ ਪਾਣੀ ਭਰ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕੜੀ ਵਿੱਚ, ਦੱਖਣੀ ਦਿੱਲੀ ਦੇ ਖਾਨਪੁਰ ਐਮਬੀ ਰੋਡ ’ਤੇ ਵੀ ਪਾਣੀ ਭਰਿਆ ਹੋਇਆ ਹੈ। ਇਸ ਕਾਰਨ ਲੋਕ ਪਰੇਸ਼ਾਨ ਹਨ। ਇਹ ਤਸਵੀਰਾਂ ਖਾਨਪੁਰ ਐਮਬੀ ਰੋਡ ਦੀਆਂ ਹਨ, ਜਿੱਥੇ ਪਾਣੀ ਦੁਕਾਨਾਂ ਤੱਕ ਵੀ ਪਹੁੰਚ ਗਿਆ ਹੈ।
ਦਿੱਲੀ ’ਚ ਮੀਂਹ ਦੇ ਚੱਲਦੇ ਦਫਤਰ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਸਰਕਾਰ ਅਤੇ ਦੱਖਣ ਦਿੱਲੀ ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਰਹੇ ਹਨ। ਪਰ ਇਹ ਤਸਵੀਰ ਦਾਅਵੇ ਅਤੇ ਵਾਅਦਿਆਂ ਦੀ ਪੋਲ੍ਹ ਖੋਲ੍ਹਦੀ ਨਜਰ ਆ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਵਾਰ-ਵਾਰ ਮੀਂਹ ਕਾਰਨ ਛੱਪੜ ਵਿੱਚ ਤਬਦੀਲ ਹੋ ਜਾਂਦੀ ਹੈ। ਸੜਕ ਦਾ ਪਾਣੀ ਸੜਕ ਦੇ ਕਿਨਾਰੇ ਬਣੀਆਂ ਦੁਕਾਨਾਂ ਦੇ ਅੰਦਰ ਵੀ ਦਾਖਲ ਹੋ ਜਾਂਦਾ ਹੈ। ਜਿਸ ਕਾਰਨ ਸੜਕ ਦੇ ਕਿਨਾਰੇ ਇੱਕ ਵੀ ਦੁਕਾਨ ਨਹੀਂ ਖੁੱਲ੍ਹੀ ਹੈ। ਇੱਥੇ ਥੋੜੇ ਸਮੇਂ ਦੇ ਮੀਂਹ ਤੋਂ ਬਾਅਦ ਸੜਕ 'ਤੇ ਪਾਣੀ ਭਰ ਜਾਂਦਾ ਹੈ। ਪਾਣੀ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ। ਸੀਵਰ ਦੀ ਸਫ਼ਾਈ ਨਾ ਹੋ ਪਾਉਣ ਕਾਰਨ ਸੜਕ ਪੂਰੀ ਤਰ੍ਹਾਂ ਛੱਪੜ ਵਿੱਚ ਤਬਦੀਲ ਹੋ ਜਾਂਦੀ ਹੈ।
ਦੱਸ ਦਈਏ ਕਿ ਮੌਸਮ ਵਿਭਾਗ ਨੇ ਦਿੱਲੀ ਅਤੇ ਐਨਸੀਆਰ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਮੁਤਾਬਿਕ ਦਿੱਲੀ ਅਤੇ ਐਨਸੀਆਰ ਵਿੱਚ ਇਸ ਸਮੇਂ ਸੰਘਣੇ ਕਾਲੇ ਬੱਦਲ ਦਿਖਾਈ ਦੇ ਰਹੇ ਹਨ, ਅਤੇ ਸਵੇਰ ਵੇਲੇ ਹਨੇਰਾ ਹੋ ਰਿਹਾ ਹੈ, ਜਿਸ ਕਾਰਨ ਵਾਹਨਾਂ ਨੂੰ ਹੈੱਡ ਲਾਈਟਾਂ ਜਗਾ ਕੇ ਸੜਕਾਂ ’ਤੇ ਚੱਲਣਾ ਪੈ ਰਿਹਾ ਹੈ।
ਮੌਸਮ ਵਿਭਾਗ ਦੇ ਮੁਤਾਬਿਕ ਅੱਧੀ ਰਾਤ ਤੋਂ ਦਿੱਲੀ ਐਨਸੀਆਰ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਦਿੱਲੀ ਦੇ ਸਫਦਰਜੰਗ ਵਿੱਚ ਰਾਤ 2:30 ਵਜੇ ਤੋਂ ਸਵੇਰੇ 8:30 ਵਜੇ ਤੱਕ 84.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਪਾਲਮ ਚ ਸਵੇਰ 8:30 ਵਜੇ ਤੱਕ 99.9 ਮਿਲੀਮੀਟਰ ਮੀਂਹ ਦਰਜ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਲੋਧੀ ਰੋਡ, ਰਿਜ, ਆਇਆ ਨਗਰ ਚ ਵੀ ਦੇਰ ਰਾਤ 2:30 ਵਜੇ ਤੱਕ ਮੀਂਹ ਪੈਂਦਾ ਰਿਹਾ। ਲੋਧੀ ਰੋਡ ’ਚ 64.0 ਮਿਲੀ ਮੀਟਰ 67.6 ਮਿਲੀਮੀਟਰ ਅਤੇ ਆਇਆ ਨਗਰ ਚ 32.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।