ਚੰਡੀਗੜ੍ਹ: ਹਰਿਆਣਾ ਵਿੱਚ ਪੰਚਾਇਤੀ ਚੋਣਾਂ (Panchayat Election in Haryana) ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜ ਦੇ ਮੁੱਖ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਪੰਚਕੂਲਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 30 ਅਕਤੂਬਰ ਨੂੰ ਹੋਣਗੀਆਂ। ਜਦਕਿ ਸਰਪੰਚ ਅਤੇ ਪੰਚ ਦੀਆਂ ਚੋਣਾਂ 2 ਨਵੰਬਰ ਨੂੰ ਹੋਣਗੀਆਂ। ਚੋਣ ਕਮਿਸ਼ਨਰ ਨੇ ਕਿਹਾ ਕਿ ਨੋਟੀਫਿਕੇਸ਼ਨ 8 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ।
ਚੋਣ ਕਮਿਸ਼ਨਰ ਨੇ ਦੱਸਿਆ ਕਿ ਹਰਿਆਣਾ ਪੰਚਾਇਤੀ ਚੋਣਾਂ ਦੇ ਪਹਿਲੇ ਪੜਾਅ ਵਿੱਚ ਮਹਿੰਦਰਗੜ੍ਹ, ਫਤਿਹਾਬਾਦ, ਪੰਚਕੂਲਾ, ਯਮੁਨਾਨਗਰ, ਨੂਹ, ਪਾਣੀਪਤ, ਝੱਜਰ, ਜੀਂਦ, ਕੈਥਲ ਅਤੇ ਭਿਵਾਨੀ ਵਿੱਚ ਚੋਣਾਂ ਹੋਣਗੀਆਂ। ਇੱਥੇ ਨਾਮਜ਼ਦਗੀਆਂ 14 ਅਕਤੂਬਰ ਤੋਂ ਸ਼ੁਰੂ ਹੋਣਗੀਆਂ, ਜੋ 19 ਅਕਤੂਬਰ ਤੱਕ ਜਾਰੀ ਰਹਿਣਗੀਆਂ। ਇਸ ਤੋਂ ਬਾਅਦ ਨਾਮਜ਼ਦਗੀ ਪੱਤਰਾਂ ਦੀ ਪੜਤਾਲ 20 ਅਕਤੂਬਰ ਨੂੰ ਕੀਤੀ ਜਾਵੇਗੀ। 21 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ।
ਇਸ ਤੋਂ ਬਾਅਦ 30 ਅਕਤੂਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਲਈ ਵੋਟਾਂ ਪੈਣਗੀਆਂ। ਇਸ ਤੋਂ ਬਾਅਦ 2 ਨਵੰਬਰ ਨੂੰ ਸਰਪੰਚ ਅਤੇ ਪੰਚਾਂ ਦੀ ਚੋਣ ਹੋਵੇਗੀ। ਪੰਚ-ਸਰਪੰਚਾਂ ਦੀਆਂ ਵੋਟਾਂ ਦੀ ਗਿਣਤੀ ਵੋਟਾਂ ਵਾਲੇ ਦਿਨ ਹੀ ਹੋਵੇਗੀ। ਜਦੋਂਕਿ ਬਾਕੀ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਵੋਟਾਂ ਦੀ ਗਿਣਤੀ ਚੋਣਾਂ ਖ਼ਤਮ ਹੋਣ ਤੋਂ ਬਾਅਦ ਹੀ ਹੋਵੇਗੀ। ਬਾਕੀ ਜ਼ਿਲ੍ਹਿਆਂ ਲਈ ਕੁਝ ਦਿਨਾਂ ਬਾਅਦ ਐਲਾਨ ਕੀਤਾ ਜਾਵੇਗਾ।
ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਕਿਹਾ ਕਿ ਹਰਿਆਣਾ ਵਿੱਚ ਸਰਪੰਚ ਚੋਣਾਂ ਸਿੱਧੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਪੰਚ ਲਈ ਅੱਠਵੀਂ ਪਾਸ ਹੋਣਾ ਜ਼ਰੂਰੀ ਹੈ। ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਸਰਪੰਚ, ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਈਵੀਐਮ ਰਾਹੀਂ ਹੋਣਗੀਆਂ। ਪੰਚਾਂ ਦੀ ਚੋਣ ਬੈਲਟ ਰਾਹੀਂ ਹੋਵੇਗੀ। 17628 ਬੈਲਟ ਬਕਸਿਆਂ ਅਤੇ 35 ਹਜ਼ਾਰ ਈ.ਵੀ.ਐਮਜ਼ ਦਾ ਪ੍ਰਬੰਧ ਕੀਤਾ ਗਿਆ ਹੈ।
ਹਰਿਆਣਾ ਪੰਚਾਇਤ ਚੋਣ 2022
- ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
- ਸਰਪੰਚ, ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਈਵੀਐਮ ਰਾਹੀਂ ਹੋਣਗੀਆਂ।
- ਪੰਚਾਂ ਦੀ ਚੋਣ ਬੈਲਟ ਰਾਹੀਂ ਹੋਵੇਗੀ।
- 17628 ਬੈਲਟ ਬਕਸਿਆਂ ਅਤੇ 35 ਹਜ਼ਾਰ ਈ.ਵੀ.ਐਮਜ਼ ਦਾ ਪ੍ਰਬੰਧ ਕੀਤਾ ਗਿਆ ਹੈ।
- 22 ਜ਼ਿਲ੍ਹਾ ਪ੍ਰੀਸ਼ਦ ਦੇ 411 ਮੈਂਬਰ ਚੁਣੇ ਜਾਣੇ ਹਨ
- 143 ਪੰਚਾਇਤ ਸੰਮਤੀਆਂ ਦੇ 3081 ਮੈਂਬਰ ਚੁਣੇ ਜਾਣਗੇ
- ਕੁੱਲ 6220 ਗ੍ਰਾਮ ਪੰਚਾਇਤਾਂ ਹਨ, ਜਿਨ੍ਹਾਂ ਵਿੱਚੋਂ 61,993 ਪੰਚ, 6220 ਸਰਪੰਚ ਹੋਣਗੇ।
- ਕੁੱਲ ਵੋਟਰ 1 ਕਰੋੜ 20 ਲੱਖ 43 ਹਜ਼ਾਰ 73 ਹਨ ਜੋ ਪੰਚਾਇਤੀ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
- 64 ਲੱਖ 32 ਹਜ਼ਾਰ 609 ਪੁਰਸ਼, 56 ਲੱਖ 10 ਹਜ਼ਾਰ 272 ਔਰਤਾਂ ਅਤੇ 192 ਟਰਾਂਸਜੈਂਡਰ ਵੋਟਰ ਹਨ।
- ਇਸ ਵਾਰ ਵੀ NOTA ਹੋਵੇਗਾ, ਜੇਕਰ NOTA ਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਹਨ, ਤਾਂ ਦੁਬਾਰਾ ਚੋਣਾਂ ਹੋਣਗੀਆਂ ਅਤੇ ਨਵੇਂ ਉਮੀਦਵਾਰ ਚੋਣ ਲੜਨਗੇ।
- ਪਹਿਲੇ ਪੜਾਅ 'ਚ ਭਿਵਾਨੀ, ਫਤਿਹਾਬਾਦ, ਝੱਜਰ, ਜੀਂਦ, ਕੈਥਲ, ਮਹਿੰਦਰਗੜ੍ਹ, ਨੂਹ, ਪੰਚਕੂਲਾ, ਪਾਣੀਪਤ, ਯਮੁਨਾਨਗਰ 'ਚ ਚੋਣਾਂ ਹੋਣਗੀਆਂ।
ਪੰਚਾਇਤੀ ਚੋਣਾਂ ਦੇ ਪਹਿਲੇ ਪੜਾਅ ਦੀ ਸਮਾਂ-ਸਾਰਣੀ
ਨਾਮਜ਼ਦਗੀ ਦੀ ਸ਼ੁਰੂਆਤ | 14 ਅਕਤੂਬਰ |
ਨਾਮਜ਼ਦਗੀ ਦਾ ਆਖਿਰੀ ਦਿਨ | 19 ਅਕਤੂਬਰ |
ਨਾਮਜ਼ਦਗੀ ਦੀ ਜਾਂਚ | 19 ਅਕਤੂਬਰ |
ਨਾਮਜ਼ਦਗੀ ਵਾਪਸ ਲੈਣ ਦੀ ਆਖਿਰੀ ਤਾਰੀਖ | 21 ਅਕਤੂਬਰ |
ਪ੍ਰਚਾਰ ਦਾ ਆਖਿਰੀ ਦਿਨ | 28 ਅਕਤੂਬਰ |
ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੋਣਾਂ | 30 ਅਕਤੂਬਰ |
ਪੰਚ ਅਤੇ ਸਰਪੰਚ ਦੀ ਚੋਣ | 2 ਨਵੰਬਰ |
ਪੰਚ ਅਤੇ ਸਰਪੰਚ ਚੋਣਾਂ ਦੀ ਗਿਣਤੀ | 2 ਨਵੰਬਰ |
ਰਾਜ ਚੋਣ ਕਮਿਸ਼ਨ ਨਵੰਬਰ ਦੇ ਦੂਜੇ ਹਫ਼ਤੇ ਦੋ ਪੜਾਵਾਂ ਵਿੱਚ ਚੋਣਾਂ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਵਾਰ ਹਰਿਆਣਾ ਵਿੱਚ ਪੰਚਾਇਤੀ ਚੋਣਾਂ 20 ਮਹੀਨੇ ਦੀ ਦੇਰੀ ਨਾਲ ਹੋ ਰਹੀਆਂ ਹਨ। ਇਸ ਕਾਰਨ ਅਗਲੇ ਮਹੀਨੇ ਪਿੰਡਾਂ ਦੀਆਂ ਪੰਚਾਇਤਾਂ ਬਣਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਸਰਕਾਰ ਨੇ ਆਦਮਪੁਰ ਉਪ ਚੋਣ ਦਾ ਅਚਾਨਕ ਐਲਾਨ ਕਰ ਦਿੱਤਾ ਸੀ, ਜਿਸ ਕਾਰਨ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਵਿੱਚ ਦੇਰੀ ਹੋਈ ਸੀ।
ਇਹ ਵੀ ਪੜੋ: ਦਿੱਲੀ ਪੁਲਿਸ ਨੇ ਮੁਹਾਲੀ ਬੰਬ ਧਮਾਕੇ ਦੇ ਮਾਸਟਰਮਾਈਂਡ ਨੂੰ ਕੀਤਾ ਗ੍ਰਿਫਤਾਰ