ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਨੂੰ ਲੈ ਕੇ ਕਈ ਤਰ੍ਹਾਂ ਦੇ ਖਦਸ਼ੇ ਜਤਾਏ ਜਾ ਰਹੇ ਹਨ। ਦਿੱਲੀ ਪੁਲਿਸ ਵੱਲੋਂ ਟਰੈਕਟਰ ਪਰੇਡ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮੋਰਚੇ ਨੇ ਪਰੇਡ ਲਈ ਰੂਟ ਨਿਰਧਾਰਿਤ ਕਰ ਲਿਆ ਹੈ। ਇਸ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਯੋਗੇਂਦਰ ਯਾਦਵ ਨੇ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ।
ਪਰੇਡ ਲਈ ਜ਼ਰੂਰੀ ਹਦਾਇਤਾਂ
- ਟਰੈਕਟਰ ਪਰੇਡ 'ਚ ਕੋਈ ਹੋਰ ਗੱਡੀਆਂ ਅਤੇ ਟਰਾਲੀਆਂ ਨਹੀਂ ਚੱਲਣਗੀਆਂ।
- ਜਿਨ੍ਹਾਂ ਟਰਾਲੀਆਂ ਵਿੱਚ ਵਿਸ਼ੇਸ਼ ਝਾਕੀ ਬਣੀ ਹੋਵੇਗੀ, ਉਸ ਨੂੰ ਹੋਵੇਗੀ ਛੂਟ।
- ਮੋਰਚਾ ਪਰੇਡ ਵਿੱਚ ਸ਼ਾਮਲ ਹੋਣ ਦੇ ਇੱਛੁਕ ਲੋਕਾਂ ਲਈ ਇੱਕ ਨੰਬਰ ਜਾਰੀ ਕੀਤਾ ਗਿਆ, ਜਿਸ ਉੱਤੇ ਮਿਸਡ ਕਾਲ ਦੇਣ 'ਤੇ ਵਿਅਕਤੀ ਪਰੇਡ ਵਿੱਚ ਸ਼ਾਮਲ ਹੋ ਸਕਦਾ ਹੈ।
- ਯਾਦਵ ਨੇ ਪਰੇਡ ਵਿੱਚ ਸ਼ਾਮਲ ਲੋਕਾਂ ਨੂੰ ਆਪਣੇ ਨਾਲ 24 ਘੰਟੇ ਦਾ ਰਾਸ਼ਨ ਪਾਣੀ ਇੰਤਜਾਮ ਕਰਨ ਲਈ ਕਿਹਾ, ਤਾਂ ਕਿ ਜਾਮ ਵਿੱਚ ਫਸਣ 'ਤੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
- ਹਰ ਟਰੈਕਟਰ ਜਾਂ ਗੱਡੀ 'ਤੇ, ਕਿਸਾਨ ਸੰਗਠਨ ਦੇ ਝੰਡੇ ਦੇ ਨਾਲ-ਨਾਲ ਰਾਸ਼ਟਰੀ ਝੰਡਾ ਵੀ ਲਗਾਇਆ ਜਾਣਾ ਚਾਹੀਦਾ ਹੈ।
- ਟਰੈਕਟਰ ਜਾਂ ਪਰੇਡ ਵਿੱਚ ਕਿਸੇ ਵੀ ਰਾਜਨੀਤਕ ਪਾਰਟੀ ਦਾ ਝੰਡਾ ਨਹੀਂ ਲੱਗੇਗਾ।
- ਇਸ ਦੇ ਨਾਲ ਹੀ, ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਹਥਿਆਰ ਰੱਖਣ ਅਤੇ ਭੜਕਾਊ ਨਾਅਰੇ ਲਗਾਉਣ ਤੋਂ ਵੀ ਪਰਹੇਜ਼ ਕਰਨ ਲਈ ਕਿਹਾ ਹੈ।
- ਟਰੈਕਟਰ ਦੀ ਛੱਤ, ਬੋਨਟ ਜਾਂ ਬੰਪਰ 'ਤੇ ਕਿਸੇ ਨੂੰ ਬੈਠਣ ਦੀ ਇਜਾਜ਼ਤ ਨਹੀਂ।
- ਪਰੇਡ ਦੌਰਾਨ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਦੀ ਮਨਾਹੀ, ਔਰਤਾਂ ਦੀ ਇੱਜ਼ਤ ਕਰਨੀ ਅਤੇ ਸੜਕ ਉੱਤੇ ਕੂੜਾ ਸੁੱਟਣ ਦੀ ਮਨਾਹੀ ਹੋਵੇਗੀ।
ਪਰੇਡ ਦੌਰਾਨ ਨਿਰਦੇਸ਼ ਜਾਰੀ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਪਰੇਡ ਦੀ ਸ਼ੁਰੂਆਤ ਕਿਸਾਨ ਨੇਤਾਵਾਂ ਦੀ ਗੱਡੀ ਨਾਲ ਹੋਵੇਗੀ। ਉਨ੍ਹਾਂ ਦੇ ਅੱਗੇ ਕੋਈ ਵੀ ਟਰੈਕਟਰ ਜਾਂ ਗੱਡੀ ਨਹੀਂ ਚਲਾਵੇਗਾ। ਇਸ ਦੇ ਨਾਲ ਹੀ, ਪਰੇਡ ਵਿੱਚ ਸ਼ਾਮਲ ਸਾਰਿਆਂ ਨੂੰ ਹਰੇ ਰੰਗ ਦੀ ਜੈਕੇਟ ਪਹਿਨਣ ਵਾਲੇ ਟ੍ਰੈਫਿਕ ਵਲੰਟੀਅਰ ਦੀ ਹਰ ਹਦਾਇਤ ਦੀ ਪਾਲਣਾ ਕਰਨੀ ਪਵੇਗੀ।
ਇਸ ਦੌਰਾਨ, ਲੋਕਾਂ ਨੂੰ ਅਫਵਾਹ ਤੋਂ ਬਚਣ ਅਤੇ ਜਾਣਕਾਰੀ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ। ਪਰੇਡ ਵਿੱਚ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਕਿਸੇ ਵੀ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿੱਚ, ਹੈਲਪਲਾਈਨ ਨੰਬਰ ਜਾਂ ਨਜ਼ਦੀਕੀ ਵਲੰਟੀਅਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਟਰੈਕਟਰ ਜਾਂ ਵਾਹਨ ਨੂੰ ਨੁਕਸਾਨ ਹੋਣ ਦੀ ਸਥਿਤੀ ਵਿੱਚ ਇਸ ਨੂੰ ਪੂਰੀ ਤਰ੍ਹਾਂ ਸਾਈਡ 'ਤੇ ਕੀਤਾ ਜਾਵੇਗਾ ਅਤੇ ਕਿਸੇ ਵੀ ਘਟਨਾ ਦੀ ਸਥਿਤੀ ਵਿੱਚ ਪੁਲਿਸ ਨੂੰ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।