ਕੋਲਕਾਤਾ: ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਭਵਾਨੀਪੁਰ ਸੀਟ ਅਤੇ ਦੋ ਹੋਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਭਵਾਨੀਪੁਰ, ਸਮਸੇਰਗੰਜ ਅਤੇ ਜੰਗੀਪੁਰ ਜ਼ਿਮਨੀ ਚੋਣਾਂ ਲਈ ਵੋਟਿੰਗ 30 ਸਤੰਬਰ ਨੂੰ ਹੋਵੇਗੀ ਅਤੇ ਨਤੀਜੇ 3 ਅਕਤੂਬਰ 2021 ਨੂੰ ਐਲਾਨੇ ਜਾਣਗੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਸਕਦੀ ਹੈ।
ਦੱਸਣਯੋਗ ਹੈ ਕਿ ਮਮਤਾ ਬੈਨਰਜੀ ਇਸ ਸਮੇਂ ਵਿਧਾਨ ਸਭਾ ਦੀ ਮੈਂਬਰ ਨਹੀਂ ਹੈ। ਨਿਯਮਾਂ ਦੇ ਅਨੁਸਾਰ, ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਲਈ ਉਸਨੂੰ 2 ਨਵੰਬਰ, 2021 ਤੱਕ ਵਿਧਾਨ ਸਭਾ ਲਈ ਚੁਣਿਆ ਜਾਣਾ ਚਾਹੀਦਾ ਹੈ। ਇਸ ਲਈ ਚੋਣ ਕਮਿਸ਼ਨ ਦੇ ਇਸ ਫੈ਼ਸਲੇ ਨੇ ਤ੍ਰਿਣਮੂਲ ਕਾਂਗਰਸ ਨੂੰ ਵੱਡੀ ਰਾਹਤ ਦਿੱਤੀ ਹੈ। ਜੇ 2 ਨਵੰਬਰ 2021 ਤੋਂ ਪਹਿਲਾਂ ਉਪ ਚੋਣ ਨਾ ਹੋਈ ਹੁੰਦੀ, ਤਾਂ ਮਮਤਾ ਬੈਨਰਜੀ ਨੂੰ ਸੀਐਮ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪੈ ਸਕਦਾ ਸੀ।
ਟੀਐਮਸੀ ਪ੍ਰਧਾਨ ਮਮਤਾ ਬੈਨਰਜੀ ਹਮੇਸ਼ਾ ਭਵਾਨੀਪੁਰ ਸੀਟ ਤੋਂ ਚੋਣ ਲੜਦੀ ਸੀ, ਪਰ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਉਸਨੇ ਆਪਣੇ ਸਾਬਕਾ ਸਹਿਯੋਗੀ ਅਤੇ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਵਿਰੁੱਧ ਨੰਦੀਗ੍ਰਾਮ ਤੋਂ ਚੋਣ ਲੜੀ ਸੀ। ਪਰ ਮਮਤਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਟੀਐਮਸੀ ਦੇ ਸ਼ੋਭਨਦੇਵ ਚਟੋਪਾਧਿਆਏ ਭਵਾਨੀਪੁਰ ਤੋਂ ਜੇਤੂ ਰਹੇ ਸਨ, ਪਰ ਬਾਅਦ ਵਿੱਚ ਮਮਤਾ ਬੈਨਰਜੀ ਨੇ ਚੋਣ ਲੜਨ ਲਈ ਸੀਟ ਛੱਡ ਦਿੱਤੀ।
ਉੜੀਸਾ ਦੀ ਇੱਕ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣਾਂ ਦਾ ਐਲਾਨ
ਚੋਣ ਕਮਿਸ਼ਨ ਨੇ 30 ਸਤੰਬਰ ਨੂੰ ਪੱਛਮੀ ਬੰਗਾਲ ਦੇ ਨਾਲ ਉੜੀਸਾ ਦੀ ਇੱਕ ਵਿਧਾਨ ਸਭਾ ਸੀਟ ਲਈ ਉਪ ਚੋਣਾਂ ਦਾ ਐਲਾਨ ਕੀਤਾ ਹੈ। ਚੋਣ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ 30 ਸਤੰਬਰ ਨੂੰ ਉੜੀਸਾ ਦੇ ਪਿਪਲੀ ਵਿੱਚ ਵੀ ਜ਼ਿਮਨੀ ਚੋਣਾਂ ਹੋਣਗੀਆਂ। ਵੋਟਾਂ ਦੀ ਗਿਣਤੀ 3 ਅਕਤੂਬਰ ਨੂੰ ਹੋਵੇਗੀ।
ਚੋਣ ਕਮਿਸ਼ਨ ਦੀ ਪ੍ਰੈਸ ਐਡ ਦੇ ਅਨੁਸਾਰ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ਾਸਨਿਕ ਲੋੜਾਂ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ। ਰਾਜ ਵਿੱਚ ਖਲਾਅ ਤੋਂ ਬਚਣ ਲਈ ਭਵਾਨੀਪੁਰ ਵਿਖੇ ਜ਼ਿਮਨੀ ਚੋਣ ਹੋ ਸਕਦੀ ਹੈ। ਜਿੱਥੋਂ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਲੜਨ ਦੀ ਸੰਭਾਵਨਾ ਹੈ।
ਐਡ ਦੇ ਅਨੁਸਾਰ ਹਾਲਾਂਕਿ ਚੋਣ ਕਮਿਸ਼ਨ ਨੇ ਹੋਰ 31 ਵਿਧਾਨ ਸਭਾ ਹਲਕਿਆਂ ਅਤੇ ਤਿੰਨ ਸੰਸਦੀ ਖੇਤਰਾਂ (ਦੇਸ਼ ਭਰ ਵਿੱਚ) ਵਿੱਚ ਜ਼ਿਮਨੀ ਚੋਣਾਂ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਪਰ ਸੰਵਿਧਾਨਕ ਲੋੜ ਅਤੇ ਪੱਛਮੀ ਬੰਗਾਲ ਰਾਜ ਦੀ ਵਿਸ਼ੇਸ਼ ਬੇਨਤੀ ਨੂੰ ਵੇਖਦਿਆਂ ਭਵਾਨੀਪੁਰ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਦੱਸ ਦੇਈਏ ਕਿ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਬੁੱਧਵਾਰ ਨੂੰ ਰਾਜ ਦੇ ਮੁੱਖ ਸਕੱਤਰ ਐਚ ਕੇ ਦਿਵੇਦੀ ਨਾਲ ਡਿਜੀਟਲ ਮੀਟਿੰਗ ਕੀਤੀ ਸੀ। ਉਪ ਚੋਣ ਕਮਿਸ਼ਨਰ ਸੁਦੀਪ ਜੈਨ, ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਇੰਚਾਰਜ ਅਤੇ ਮੁੱਖ ਚੋਣ ਅਧਿਕਾਰੀ (ਸੀਈਓ) ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ।