ਨਵੀਂ ਦਿੱਲੀ: ਮਾਡਲ ਟਾਊਨ 'ਚ ਸਾਗਰ ਪਹਿਲਵਾਨ ਦੇ ਕਤਲ ਮਾਮਲੇ 'ਚ ਦਿੱਲੀ ਪੁਲਿਸ 18 ਦਿਨਾਂ ਤੋਂ ਮੁੱਖ ਮੁਲਜ਼ਮ ਸੁਸ਼ੀਲ ਪਹਿਲਵਾਨ ਦੀ ਭਾਲ ਕਰ ਰਹੀ ਹੈ। ਸੁਸ਼ੀਲ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ ਹੈ। ਅਜਿਹੀ ਸਥਿਤੀ 'ਚ ਪੁਲਿਸ ਹੁਣ ਉਨ੍ਹਾਂ ਲੋਕਾਂ 'ਤੇ ਸ਼ਿਕੰਜਾ ਪਾਉਣ ਦੀ ਤਿਆਰੀ ਕਰ ਰਹੀ ਹੈ ਜੋ ਮਦਦਗਾਰ ਰਹੇ ਹਨ। ਅਜਿਹੇ ਲੋਕਾਂ ਨੂੰ ਕਾਰਵਾਈ ਲਈ ਮਾਰਕ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਕਾਲਾ ਜਠੇਡੀ ਗਿਰੋਹ 'ਤੇ ਵੀ ਨਜ਼ਰ ਰੱਖ ਰਹੀ ਹੈ, ਕਿਉਂਕਿ ਉਨ੍ਹਾਂ ਤੋਂ ਸੁਸ਼ੀਲ ਨੂੰ ਖ਼ਤਰਾ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ ਸਾਗਰ ਪਹਿਲਵਾਨ ਨੂੰ 4 ਮਈ ਨੂੰ ਛਤਰਸਾਲ ਸਟੇਡੀਅਮ ਵਿਖੇ ਕੁੱਟਿਆ ਗਿਆ ਸੀ। ਇਸ ਲੜਾਈ 'ਚ ਉਸ ਦੇ ਦੋ ਸਾਥੀ ਅਮਿਤ ਅਤੇ ਸੋਨੂੰ ਮਾਹਲ ਵੀ ਜ਼ਖਮੀ ਹੋਏ ਸਨ। ਇਸ ਕੇਸ ਦਾ ਮੁੱਖ ਦੋਸ਼ੀ ਦੋ ਵਾਰ ਦਾ ਓਲੰਪਿਕ ਤਗਮਾ ਜੇਤੂ ਸੁਸ਼ੀਲ ਪਹਿਲਵਾਨ ਹੈ। ਘਟਨਾ ਤੋਂ ਬਾਅਦ ਤੋਂ ਉਹ ਫਰਾਰ ਹੈ ਅਤੇ ਉਸ ਦੀ ਭਾਲ ਵਿੱਚ ਕਈ ਸੂਬਿਆਂ ਵਿੱਚ ਛਾਪੇ ਮਾਰੇ ਜਾ ਰਹੇ ਹਨ।
ਦਿੱਲੀ ਪੁਲਿਸ ਨੇ ਸੁਸ਼ੀਲ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕਰਨ ਤੋਂ ਇਲਾਵਾ ਅਦਾਲਤ ਤੋਂ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕਰਵਾਇਆ ਹੈ। ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਸੁਸ਼ੀਲ ਦੀ ਗ੍ਰਿਫਤਾਰੀ ਉੱਤੇ ਇੱਕ ਲੱਖ ਰੁਪਏ ਇਨਾਮ ਦਾ ਵੀ ਐਲਾਨ ਕੀਤਾ ਹੈ। ਸਥਾਨਕ ਪੁਲਿਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਅਤੇ ਵਿਸ਼ੇਸ਼ ਸੈੱਲ ਵੀ ਸੁਸ਼ੀਲ ਦੀ ਭਾਲ ਕਰ ਰਹੇ ਹਨ।
ਮਦਦਗਾਰਾਂ 'ਤੇ ਪੁਲਿਸ ਦੀ ਨਜ਼ਰ
ਜਾਂਚ ਦੌਰਾਨ ਪੁਲਿਸ ਨੂੰ ਕੁਝ ਲੋਕਾਂ ਬਾਰੇ ਜਾਣਕਾਰੀ ਮਿਲੀ ਜੋ ਫਰਾਰ ਹੋਣ ਵਿੱਚ ਸੁਸ਼ੀਲ ਦੀ ਮਦਦ ਕਰ ਰਹੇ ਹਨ। ਸੁਸ਼ੀਲ ਵੱਖ-ਵੱਖ ਸਿਮ ਕਾਰਡਾਂ ਦੀ ਵਰਤੋਂ ਆਪਣੇ ਨੇੜੇ ਦੇ ਲੋਕਾਂ ਨਾਲ ਸੰਪਰਕ ਕਰਨ ਲਈ ਕਰ ਰਿਹਾ ਹੈ। ਸ਼ੁਰੂਆਤ 'ਚ ਉਸਨੂੰ ਸਿਮ ਕਾਰਡ ਬਹਾਦੁਰਗੜ ਤੋਂ ਮੁਹੱਈਆ ਕਰਵਾਏ ਗਏ ਸੀ। ਇਹ ਸਿਮ ਕਾਰਡ ਉਸ ਨੂੰ ਇਕ ਰਿਸ਼ਤੇਦਾਰ ਨੇ ਦਿੱਤਾ ਹੈ, ਜੋ ਫਿਲਹਾਲ ਫਰਾਰ ਹੈ।
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਜੋ ਸੁਸ਼ੀਲ ਪਹਿਲਵਾਨ ਨੂੰ ਫਰਾਰ ਹੋਣ 'ਚ ਮਦਦ ਕਰ ਰਹੇ ਹਨ। ਇਨ੍ਹਾਂ 'ਚ ਉਸ ਨੂੰ ਲੁੱਕਣ ਲਈ ਥਾਂ ਦੇਣ ਵਾਲੇ,ਗੱਡੀ ਦੇਣ ਵਾਲੇ ਅਤੇ ਸਿਮ ਕਾਰਨ ਮੁਹੱਈਆ ਕਰਵਾਉਣ ਵਾਲੇ ਲੋਕ ਸ਼ਾਮਲ ਹਨ। ਪੁਲਿਸ ਅਜਿਹੇ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਉਨ੍ਹਾਂ ਦੀ ਭਾਲ ਵੀ ਕਰ ਰਹੀ ਹੈ।
ਸੁਸ਼ੀਲ ਨੂੰ ਕਾਲਾ ਜਠੇੜੀ ਗਿਰੋਹ ਤੋਂ ਖ਼ਤਰਾ
ਇਸ ਕਤਲ ਕੇਸ 'ਚ ਫਰਾਰ ਚੱਲ ਰਹੇ ਸੁਸ਼ੀਲ ਦੀ ਜਾਨ ਨੂੰ ਕਾਲਾ ਜਠੇJR ਗਿਰੋਹ ਤੋਂ ਖਤਰਾ ਹੈ। ਦਰਅਸਲ ਉਸਨੇ ਜਿਸ ਸੋਨੂੰ ਮਹਿਲ ਦੀ ਕੁੱਟਮਾਰ ਕੀਤੀ ਸੀ ਉਹ ਕਤਲ ਕੇਸ 'ਚ ਕਾਲਾ ਜਠੇਡੀ ਦਾ ਸਹਿ ਮੁਲਜ਼ਮ ਹੈ। ਇਸ ਤੋਂ ਇਲਾਵਾ ਉਹ ਲਾਰੈਂਸ ਬਿਸ਼ਨੋਈ ਦਾ ਰਿਸ਼ਤੇਦਾਰ ਹੈ। ਇਸ ਕਾਰਨ ਕਰਕੇ ਇਹ ਮੰਨਿਆ ਜਾਂਦਾ ਹੈ ਕਿ ਸੁਸ਼ੀਲ 'ਤੇ ਕਿਸੇ ਵੀ ਸਮੇਂ ਕਾਲਾ ਜਠੇਡੀ ਗਿਰੋਹ ਵਲੋਂ ਹਮਲਾ ਕੀਤਾ ਜਾ ਸਕਦਾ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਪੁਲਿਸ ਟੀਮ ਆਪਣੇ ਮੁਖਬਰ ਦੀ ਮਦਦ ਨਾਲ ਕਾਲਾ ਜਠੇਡੀ ਗਿਰੋਹ 'ਤੇ ਵੀ ਨਜ਼ਰ ਰੱਖ ਰਹੀ ਹੈ।
ਇਹ ਵੀ ਪੜ੍ਹੋ:ਪਹਿਲਵਾਨ ਸੁਸ਼ੀਲ ਤੋਂ ਐਵਾਰਡ ਵਾਪਸੀ ਲਈ ਭਾਜਪਾ ਨੇ ਉਪ ਰਾਜਪਾਲ ਤੱਕ ਕੀਤੀ ਪਹੁੰਚ