ਬੀਜਿੰਗ/ਚੀਨ: ਚੀਨ ਨੇ ਅਰੁਣਾਂਚਲ ਪ੍ਰਦੇਸ਼ ਅਤੇ ਅਕਸਾਈ ਚੀਨ ਨੂੰ ਅਪਣੇ ਖੇਤਰ ਦੇ ਹਿੱਸੇ ਵਜੋਂ ਦਿਖਾਉਣ ਵਾਲੇ 2023 ਲਈ ਇਕ ਨਵਾਂ 'ਸਟੈਂਡਰਡ ਮਾਨਚਿੱਤਰ' ਜਾਰੀ ਕਰਕੇ ਅਪਣੇ ਕਦਮ ਦਾ ਬਚਾਅ ਕੀਤਾ। ਬੁੱਧਵਾਰ ਨੂੰ ਚੀਨ ਨੇ ਕਿਹਾ ਕਿ ਉਨ੍ਹਾਂ ਦੇ ਕਾਨੂੰਨ ਮੁਤਾਬਕ, ਇਹ ਇੱਕ ਰੂਟੀਨ ਅਭਿਆਸ ਹੈ ਅਤੇ ਭਾਰਤ ਨੂੰ ਪੱਖਪਾਤ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਕਿ ਸ਼ਾਂਤ ਰਹੋ ਅਤੇ ਵੱਧ ਅਰਥ ਕੱਢਣ ਤੋਂ ਪਰਹੇਜ਼ ਕਰੋ। ਭਾਰਤ ਨੇ ਮੰਗਲਵਾਰ ਨੂੰ ਅਰੁਣਾਂਚਲ ਪ੍ਰਦੇਸ਼ ਅਤੇ ਅਕਸਾਈ ਚੀਨ ਉੱਤੇ ਦਾਅਵਾ ਕਰਨ ਵਾਲੇ ਚੀਨ ਦੇ ਅਖੌਤੀ ਮਿਆਰੀ ਨਕਸ਼ੇ ਉੱਤੇ ਸਖ਼ਤ ਵਿਰੋਧ ਦਰਜ ਕਰਵਾਇਆ ਅਤੇ ਕਿਹਾ ਕਿ ਅਜਿਹੀਆਂ ਹਰਕਤਾਂ ਸਰਹੱਦੀ ਵਿਵਾਦ ਦੇ ਹੱਲ ਨੂੰ ਹੀ ਪੇਚੀਦਾ ਕਰਦੀਆਂ ਹਨ।
ਜੈਸ਼ੰਕਰ ਨੇ ਕੀ ਕਿਹਾ: ਵਿਦੇਸ਼ ਮੰਤਰਾਲੇ ਨੇ ਵੀ ਇਨ੍ਹਾਂ ਦਾਅਵਿਆਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕੀਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇੱਕ ਨਿੱਜੀ ਨਿਊਜ਼ ਚੈਨਲ ਵਲੋਂ ਕਰਵਾਏ ਇੱਕ ਪ੍ਰੋਗਰਾਮ ਵਿੱਚ ਨਕਸ਼ੇ ਨਾਲ ਜੁੜੇ ਚੀਨ ਦੇ ਕਦਮ 'ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ, 'ਸਿਰਫ ਬੇਤੁਕੇ ਦਾਅਵੇ ਕਰਨ ਨਾਲ ਦੂਜਿਆਂ ਦਾ ਇਲਾਕਾ ਤੁਹਾਡਾ ਨਹੀਂ ਬਣ ਜਾਂਦਾ।' ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਬੁੱਧਵਾਰ ਨੂੰ ਬੀਜਿੰਗ ਵਿੱਚ ਇੱਕ ਮੀਡੀਆ ਬ੍ਰੀਫਿੰਗ ਵਿੱਚ ਕਿਹਾ, “23 ਅਗਸਤ ਨੂੰ, ਚੀਨ ਦੇ ਰਾਸ਼ਟਰੀ ਸਰੋਤ ਮੰਤਰਾਲੇ ਨੇ ਮਿਆਰੀ ਨਕਸ਼ੇ ਦਾ 2023 ਸੰਸਕਰਣ ਜਾਰੀ ਕੀਤਾ।"
ਚੀਨ ਨੇ ਕੀ ਕਿਹਾ : ਵਾਂਗ ਨੇ ਕਿਹਾ ਕਿ, ''ਕਾਨੂੰਨ ਮੁਤਾਬਕ, ਚੀਨ ਦੀ ਪ੍ਰਭੂਸੱਤਾ ਦੇ ਅਧੀਨ ਇਕ ਰੂਟੀਨ ਅਭਿਆਸ ਹੈ। ਅਸੀ ਉਮੀਦ ਕਰਦੇ ਹਾਂ ਕਿ ਸਬੰਧਤ ਧਿਰਾਂ ਸ਼ਾਂਤ ਰਹਿਣ ਅਤੇ ਪੱਖਪਾਤ ਤੋਂ ਦੂਰ ਰਹਿਣ। ਇਸ ਦੇ ਵਾਧੂ ਮਤਲਬ ਕੱਢਣ ਤੋਂ ਗੁਰੇਜ਼ ਕਰਨ।" ਚੀਨ ਨੇ ਹਾਲ ਹੀ ਵਿੱਚ ਅਧਿਕਾਰਿਤ ਤੌਰ ਉੱਤੇ ਅਪਣੇ ਮਿਆਰੀ ਨਕਸ਼ੇ ਦਾ 2023 ਸੰਸਕਰਣ ਜਾਰੀ ਕੀਤਾ, ਜੋ ਅਰੁਣਾਂਚਲ ਪ੍ਰਦੇਸ਼, ਅਕਸਾਈ ਚੀਨ, ਤਾਈਵਾਨ ਅਤੇ ਵਿਵਾਦਤ ਦੱਖਣੀ ਚੀਨ ਸਾਗਰ ਨੂੰ ਇਸ ਦੇ ਹਿੱਸੇ ਵਜੋਂ ਦਰਸਾਉਂਦਾ ਹੈ।
ਮਈ 2020 ਵਿੱਚ ਸ਼ੁਰੂ ਹੋਏ ਪੂਰਬੀ ਲੱਦਾਖ ਸਰਹੱਦ ਵਿਵਾਦ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਬੰਧਾਂ ਵਿੱਚ ਤਣਾਅ ਦੇਖਣ ਨੂੰ ਮਿਲਿਆ ਹੈ। ਭਾਰਤੀ ਅਤੇ ਚੀਨੀ ਫੌਜ ਪੂਰਬੀ ਲੱਦਾਖ ਵਿੱਚ ਕੁਝ ਥਾਵਾਂ ਉੱਤੇ ਤਿੰਨ ਸਾਲਾਂ ਤੋਂ ਆਹਮੋਂ-ਸਾਹਮਣੇ ਹਨ। ਦੋਹਾਂ ਧਿਰਾਂ ਨੇ ਹਾਲਾਂਕਿ, ਵਿਆਪਕ ਕੂਟਨੀਤੀ ਅਤੇ ਫੌਜ ਗੱਲਬਾਤ ਤੋਂ ਬਾਅਦ ਕਈ ਖੇਤਰਾਂ ਤੋਂ ਫੌਜ ਨੂੰ ਹਟਾ ਲਿਆ ਹੈ। ਭਾਰਤ ਲਗਾਤਾਰ ਇਹ ਕਹਿੰਦਾ ਰਿਹਾ ਹੈ ਕਿ ਐਲਏਸੀ ਉੱਤੇ ਸ਼ਾਂਤੀ ਸਬੰਧਾਂ ਨੂੰ ਬਣਾ ਕੇ ਰੱਖਣਾ ਅਹਿਮ ਹੈ। (ਪੀਟੀਆਈ ਭਾਸ਼ਾ)