ਕੋਲਕਾਤਾ: ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਵਿੱਚ ਰਾਮ ਨੌਮੀ ਹਿੰਸਾ ਦੀ NIA ਜਾਂਚ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਵੀਰਵਾਰ ਨੂੰ ਇਹ ਫੈਸਲਾ ਸੁਣਾਇਆ। ਅਦਾਲਤ ਨੇ ਵੀਰਵਾਰ ਨੂੰ ਕਿਹਾ ਕਿ ਰਾਮ ਨੌਮੀ ਹਿੰਸਾ ਦੀ ਜਾਂਚ ਕੇਂਦਰੀ ਏਜੰਸੀ ਐਨਆਈਏ ਨੂੰ ਸੌਂਪੀ ਜਾ ਰਹੀ ਹੈ। ਅਦਾਲਤ ਨੇ ਸੂਬਾ ਪੁਲਿਸ ਨੂੰ 2 ਹਫ਼ਤਿਆਂ ਦੇ ਅੰਦਰ ਜਾਂਚ ਲਈ ਸਾਰੀਆਂ ਐਫਆਈਆਰ ਅਤੇ ਸੀਸੀਟੀਵੀ ਫੁਟੇਜ ਐਨਆਈਏ ਨੂੰ ਸੌਂਪਣ ਦਾ ਹੁਕਮ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਹਿੰਸਾ ਦੀ NIA/CBI ਜਾਂਚ ਦੀ ਮੰਗ ਕਰਦੇ ਹੋਏ ਅਦਾਲਤ ਤੱਕ ਪਹੁੰਚ ਕੀਤੀ ਸੀ।
ਦੱਸ ਦੇਈਏ ਕਿ ਰਾਮ ਨੌਮੀ ਦੇ ਜਸ਼ਨ ਦੌਰਾਨ ਹਾਵੜਾ ਜ਼ਿਲ੍ਹੇ ਦੇ ਸ਼ਿਬਪੁਰ ਵਿੱਚ ਹਿੰਸਾ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ। ਇਸ ਮਾਮਲੇ 'ਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਵੱਲੋਂ ਜਨਹਿੱਤ ਪਟੀਸ਼ਨ (ਪੀਆਈਐਲ) ਦਾਇਰ ਕੀਤੀ ਗਈ ਸੀ। ਜਿਸ 'ਤੇ ਸੁਣਵਾਈ ਕਰਦੇ ਹੋਏ ਕਲਕੱਤਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਟੀਐਸ ਸਿਵਗਨਮ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਇਹ ਫੈਸਲਾ ਦਿੱਤਾ ਹੈ। ਜਨਹਿੱਤ ਪਟੀਸ਼ਨ 'ਚ ਅਧਿਕਾਰੀ ਨੇ ਹਿੰਸਾ ਦੀ NIA ਜਾਂਚ ਦੀ ਮੰਗ ਕੀਤੀ ਸੀ। ਅਧਿਕਾਰੀ ਵੱਲੋਂ ਦਾਇਰ ਪਟੀਸ਼ਨ ਵਿੱਚ ਲਾਏ ਦੋਸ਼ਾਂ ਮੁਤਾਬਕ ਇਸ ਹਿੰਸਾ ਦੌਰਾਨ ਬੰਬ ਧਮਾਕੇ ਵੀ ਹੋਏ।
ਇਹ ਵੀ ਪੜ੍ਹੋ : Kejriwal Bungalow Controversy: ਕੇਜਰੀਵਾਲ ਦੇ ਬੰਗਲੇ ਨੂੰ ਲੈ ਕੇ ਬਵਾਲ, ਜਾਣੋ ਕਾਰਨ
ਤੁਹਾਨੂੰ ਦੱਸ ਦੇਈਏ ਕਿ ਇਸ ਹਿੰਸਾ ਤੋਂ ਬਾਅਦ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਕਈ ਹੋਰ ਇਲਾਕਿਆਂ ਵਿੱਚ ਵੀ ਹਿੰਸਾ ਦੀਆਂ ਘਟਨਾਵਾਂ ਹੋਈਆਂ ਸਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਰਾਜਪਾਲ ਨੂੰ ਵੀ ਆਪਣਾ ਮਹੱਤਵਪੂਰਨ ਦੌਰਾ ਰੱਦ ਕਰਕੇ ਕੋਲਕਾਤਾ ਪਰਤਣਾ ਪਿਆ। ਸੱਤਾਧਾਰੀ ਟੀਐਮਸੀ ਅਤੇ ਵਿਰੋਧੀ ਭਾਜਪਾ ਇਨ੍ਹਾਂ ਘਟਨਾਵਾਂ ਲਈ ਇੱਕ ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ। ਦੋਹਾਂ ਧਿਰਾਂ ਨੇ ਇਕ ਦੂਜੇ 'ਤੇ ਹਿੰਸਾ ਫੈਲਾਉਣ ਵਾਲਿਆਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਾਇਆ। ਜਿਸ ਤੋਂ ਬਾਅਦ ਇਸ ਮੁੱਦੇ 'ਤੇ ਕਾਫੀ ਹੰਗਾਮਾ ਹੋਇਆ।