ਚੰਡੀਗੜ੍ਹ: ਪੰਜਾਬ ਦੇ ਕਿਸਾਨ ਹਰਪ੍ਰੀਤ ਸਿੰਘ ਨੇ ਕਿਸਾਨ ਕਾਨੂੰਨਾਂ ’ਤੇ ਚੱਲ ਰਹੇ ਵਿਰੋਧ ਪ੍ਰਦਰਸਨ ’ਚ ਸਿੰਧੂ ਬਾਰਡਰ ’ਤੇ ਮੌਜੂਦ ਹਨ। ਪਰ ਭਾਰਤੀ ਜਨਤਾ ਪਾਰਟੀ ਪੰਜਾਬ ’ਚ ਇਨ੍ਹਾਂ ਕਾਨੂੰਨਾਂ ਸਬੰਧੀ ਜੋ ਇਸ਼ਤਿਹਾਰ ਚਲਾ ਰਹੇ ਹਨ, ਉਨ੍ਹਾਂ ਇਸ਼ਤਿਹਾਰਾਂ ’ਤੇ ਹਰਪ੍ਰੀਤ ਸਿੰਘ ਦੀ ਫ਼ੋਟੋ ਹੈ। ਭਾਵ ਭਾਜਪਾ ਨੇ ਜਿਸ ਕਿਸਾਨ ਦੀ ਫ਼ੋਟੋ ਆਪਣੇ ਇਸ਼ਤਿਹਾਰਾਂ ’ਚ ਇਸਤੇਮਾਲ ਕੀਤੀ ਹੈ, ਉਹ ਪਿਛਲੇ ਦੋ ਹਫ਼ਤਿਆਂ ਤੋਂ ਸਿੰਘੂ ਬਾਰਡਰ ’ਤੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਧਰਨੇ ’ਤੇ ਬੈਠਿਆ ਹੈ। ਹਰਪ੍ਰੀਤ ਦਾ ਆਰੋਪ ਹੈ ਕਿ ਭਾਜਪਾ ਨੇ ਗੈਰ-ਕਾਨੂੰਨੀ ਢੰਗ ਨਾਲ ਉਨ੍ਹਾਂ ਦੀ ਤਸਵੀਰ (ਫ਼ੋਟੋ) ਇਸਤੇਮਾਲ ਕੀਤੀ ਹੈ।
ਹਰਪ੍ਰੀਤ ਸਿੰਘ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਪੇਸ਼ੇ ਵਜੋਂ ਕਿਸਾਨ ਹਨ ਤੇ ਐਕਟਰ ਵੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਸਵੀਰ ਉਨ੍ਹਾਂ 6-7 ਸਾਲ ਪਹਿਲਾਂ ਸ਼ੋਸ਼ਲਮੀਡੀਆ ’ਤੇ ਅੱਪਲੋਡ ਕੀਤੀ ਸੀ। ਉਨ੍ਹਾਂ ਨੂੰ ਕੱਲ ਸ਼ਾਮ ਇੱਕ ਦੋਸਤ ਨੇ ਵੱਟਸ-ਅੱਪ ’ਤੇ ਮੈਸਜ ਕਰ ਦੱਸਿਆ ਕਿ ਇਸ਼ਤਿਹਾਰ ’ਚ ਹਰਪ੍ਰੀਤ ਦੀ ਫ਼ੋਟੋ ਲੱਗੀ ਹੋਈ ਹੈ। ਜਦੋਂ ਕਿ ਤਸਵੀਰ ਲਾਉਣ ਤੋਂ ਪਹਿਲਾਂ ਉਨ੍ਹਾਂ ਦੀ ਇਜਾਜ਼ਤ ਨਹੀਂ ਲਈ ਗਈ। ਹੁਣ ਲੋਕ ਫ਼ੋਨ ਕਰ ਕਰ ਉਨ੍ਹਾਂ ਨੂੰ ਭਾਜਪਾ ਦਾ ਪੋਸਟਰ ਬੁਆਏ ਦੱਸ ਰਹੇ ਹਨ। ਉੱਥੇ ਹੀ ਹਰਪ੍ਰੀਤ ਦਾ ਕਹਿਣਾ ਹੈ ਕਿ ਉਹ ਭਾਜਪਾ ਦੇ ਨਹੀਂ ਬਲਕਿ ਕਿਸਾਨਾਂ ਦੇ ਪੋਸਟਰ ਬੁਆਏ ਹਨ।
ਲਗਭਗ 35 ਸਾਲਾਂ ਦੇ ਹਰਪ੍ਰੀਤ ਦਾ ਕਹਿਣਾ ਹੈ ਕਿ ਉਹ ਪਿਛਲੇ ਦੋ ਹਫ਼ਤਿਆਂ ਤੋਂ ਸਿੰਘੂ ਬਾਰਡਰ ’ਤੇ ਬੈਠੇ ਹਨ।
ਭਾਜਪਾ ਦੇ ਇਸ ਇਸ਼ਤਿਹਾਰ ਰਾਹੀਂ ਪਾਰਟੀ ਨੇ ਨਿਊਨਤਮ ਸਮਰਥਨ ਮੁੱਲ ’ਤੇ ਉੱਠੀਆਂ ਸ਼ੰਕਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਇਸ਼ਤਿਹਾਰ ਭਾਜਪਾ ਦੀ ਪੰਜਾਬ ਇਕਾਈ ਨੇ ਸੋਮਵਾਰ ਨੂੰ ਆਪਣੇ ਫੇਸਬੁੱਕ ਪੇਜ ’ਤੇ ਸ਼ੇਅਰ ਕੀਤਾ ਸੀ। ਫ਼ਸਲ ਖ਼ਰੀਦ ’ਤੇ ਡਾਟਾ ਦੇ ਰਹੇ ਇਸ ਇਸ਼ਤਿਹਾਰ ਦੇ ਇਕ ਨੁਕਰ ’ਚ ਪੰਜਾਬੀ ਕਿਸਾਨ ਹੱਲ ਲੈ ਕੇ ਖੜ੍ਹਾ ਹੋਇਆ ਦਿਖਾਇਆ ਗਿਆ ਹੈ।
ਉਹ ਕਿਸਾਨ ਦੀ ਫ਼ੋਟੋ ਹਰਪ੍ਰੀਤ ਦੀ ਹੈ। ਹਰਪ੍ਰੀਤ ਨੇ ਦੱਸਿਆ ਕਿ ਇਹ ਫ਼ੋਟੋ ਉਸਨੇ ਲਗਭੱਗ ਸੱਤ ਸਾਲ ਪਹਿਲਾਂ ਖਿਚਵਾਈ ਸੀ ਅਤੇ ਹੁਣ ਉਸ ਫ਼ੋਟੋ ਨੂੰ ਭਾਜਪਾ ਪਾਰਟੀ ਨੂੰ ਬਿਨ੍ਹਾਂ ਉਸਦੀ ਇਜਾਜ਼ਤ ਦੇ ਉਨ੍ਹਾਂ ਦੇ ਸ਼ੋਸ਼ਲਮੀਡੀਆ ਅਕਾਊਂਟ ਤੋਂ ਚੁੱਕਿਆ ਹੈ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦੋ ਹਫ਼ਤਿਆਂ ਤੋਂ ਸਿੰਘੂ ਬਾਰਡਰ ’ਤੇ ਪ੍ਰਦਰਸ਼ਨ ਕਰ ਰਹੇ ਹਨ, ਜਿੱਥੇ 26 ਨਵੰਬਰ ਤੋਂ ਹੀ ਕਿਸਾਨ ਕਾਨੂੰਨਾਂ ਖ਼ਿਲਾਫ਼ ਪੰਜਾਬ, ਹਰਿਆਣਾ ਸਣੇ ਕਈ ਸੂਬਿਆਂ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਅਤੇ ਕਿਸਾਨ ਸੰਗਠਨਾਂ ਵਿਚਾਲੇ ਪੰਜ ਦੌਰ ਦੀ ਬੈਠਕਾਂ ਬੇਨਤੀਜਾ ਨਿਕਲੀਆਂ ਹਨ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੰਗਲਵਾਰ ਨੂੰ ਇਕ ਵਾਰ ਫੇਰ ਕਿਹਾ ਹੈ ਸਰਕਾਰ ਕਿਸਾਨਾਂ ਨਾਲ ਬੈਠਕ ਕਰਨ ਲਈ ਤਿਆਰ ਹੈ ਤੇ ਸਰਕਾਰ ਚਾਹੁੰਦੀ ਹੈ ਕਿ ਅਗਲੀ ਬੈਠਕ ਲਈ ਤਰੀਕ ਕਿਸਾਨ ਨਿਰਧਾਰਤ ਕਰਨ।